ਅਬੋਹਰ, 18 ਜੂਨ (ਵਿਵੇਕ ਹੂੜੀਆ)-ਅਬੋਹਰ ਦੇ ਪਿੰਡ ਭਾਗੂ ਅਤੇ ਕੁਲਾਰ ਦੇ ਨੇੜੇ ਲੰਘਦੇ ਲੰਬੀ ਮਾਈਨਰ ਵਿਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ | ਨਰ ਸੇਵਾ ਨਰਾਇਣ ਸੇਵਾ ਸਮਿਤੀ ਦੀ ਮਦਦ ਨਾਲ ਬਹਾਵਲਵਾਲਾ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਪਛਾਣ ਅਤੇ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰੱਖ ਦਿੱਤਾ ਹੈ | ਜਾਣਕਾਰੀ ਅਨੁਸਾਰ ਅੱਜ ਸਵੇਰੇ ਬਹਾਵਲਵਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਲੰਬੀ ਮਾਈਨਰ ਦੇ ਨਾਲੇ ਵਿਚ ਇੱਕ ਲਾਸ਼ ਫਸੀ ਹੋਈ ਹੈ | ਨਰ ਸੇਵਾ ਨਰਾਇਣ ਸੇਵਾ ਸਮਿਤੀ ਵਲ਼ੋਂ ਸੂਚਨਾ ਮਿਲਣ 'ਤੇ, ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚੇ ਅਤੇ ਏ.ਐੱਸ.ਆਈ ਲੇਖਰਾਜ ਦੀ ਅਗਵਾਈ ਹੇਠ ਲਾਸ਼ ਨੂੰ ਬਾਹਰ ਕੱਢਿਆ ਗਿਆ | ਬਿੱਟੂ ਨਰੂਲਾ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੀ ਉਮਰ ਲਗਭਗ 30 ਤੋਂ 35 ਸਾਲ ਹੈ ਅਤੇ ਉਸ ਦੇ ਖੱਬੇ ਹੱਥ 'ਤੇ ਬੇਬੇ ਬਾਪੂ ਦਾ ਟੈਟੂ ਬਣਿਆ ਹੋਇਆ ਹੈ | ਜਦੋਂ ਕਿ ਉਸ ਦੀ ਛਾਤੀ 'ਤੇ ਐੱਸ.ਜੀ ਲਿਖਿਆ ਹੋਇਆ ਹੈ ਅਤੇ ਉਸ ਦੇ ਸਿਰ 'ਤੇ ਵਾਲ ਨਹੀਂ ਹਨ | ਮਿ੍ਤਕ ਦੀ ਲਾਸ਼ ਲਗਭਗ 4-5 ਦਿਨ ਪੁਰਾਣੀ ਜਾਪਦੀ ਹੈ |