ਫ਼ਿਰੋਜ਼ਪੁਰ, 18 ਜੂਨ (ਰਾਕੇਸ਼ ਚਾਵਲਾ/ ਸੁਖਵਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਦੇ ਅੰਮਿ੍ਤਸਰੀ ਗੇਟ ਦੇ ਕੋਲ ਪੈਟਰੋਲ ਪੰਪ ਮਾਲਕ ਨਾਲ ਠੱਗੀ ਮਾਰਨ ਤੇ ਪੰਪ ਦੇ ਮੈਨੇਜਰ ਸਮੇਤ ਦੋ ਵਿਰੁੱਧ ਥਾਣਾ ਸਿਟੀ ਫ਼ਿਰੋਜ਼ਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਬਾਬਤ ਮੁੱਦਈ ਗੁਰਵਿੰਦਰ ਸਿੰਘ ਵਿਰਕ ਪੁੱਤਰ ਗੁਰਜੀਤ ਸਿੰਘ ਵਾਸੀ ਬਸਤੀ ਬਲੋਚਾਂ ਵਾਲੀ ਫ਼ਿਰੋਜ਼ਪੁਰ ਨੇ ਦੱਸਿਆ ਕਿ ਜਸਪਾਲ ਸਿੰਘ ਮੈਨੇਜਰ ਉਨ੍ਹਾਂ ਦੇ ਪੈਟਰੋਲ ਪੰਪ ਬੀ.ਡੀ.ਐੱਸ. ਪੈਟਰੋ ਪੁਆਇੰਟ ਸਰਕੁਲਰ ਰੋਡ ਬਸਤੀ ਬਲੋਚਾ ਵਾਲੀ ਫ਼ਿਰੋਜ਼ਪੁਰ ਸ਼ਹਿਰ ਵਿਖੇ ਲਗਾ ਸੀ ਅਤੇ ਮੁਲਜ਼ਮ ਜਸਪਾਲ ਸਿੰਘ ਨੇ ਆਪਣੇ ਜੀਜੇ ਕਮਲਜੀਤ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਵਾਸੀ ਜਲਾਲਾਬਾਦ ਨਾਲ ਸਾਜ਼-ਬਾਜ਼ ਹੋ ਕੇ ਵੱਖ-ਵੱਖ ਪੈਟਰੋਲ ਪੰਪ ਦੇ ਗਾਹਕਾਂ ਕੋਲੋਂ ਉਧਾਰ ਦੇ ਪੈਸੇ ਆਪਣੇ ਖਾਤੇ ਵਿਚ ਟਰਾਂਸਫ਼ਰ ਕਰਵਾਏ ਅਤੇ ਨਕਦ ਵੀ ਲਏ | ਪੈਟਰੋਲ ਪੰਪ ਦੀ ਇਹ ਉਧਾਰ ਦੀ ਰਕਮ ਆਪਣੇ ਕੋਲ ਰੱਖ ਕੇ ਮੁਲਜ਼ਮਾਂ ਨੇ ਮੁੱਦਈ ਗੁਰਵਿੰਦਰ ਸਿੰਘ ਵਿਰਕ ਨਾਲ 17 ਲੱਖ 15 ਹਜ਼ਾਰ 136 ਰੁਪਏ ਦੀ ਠੱਗੀ ਮਾਰੀ ਹੈ | ਪੁਲਿਸ ਨੇ ਸਾਰੇ ਮਾਮਲੇ ਦੀ ਪੜਤਾਲ ਕਰਕੇ ਐੱਫ.ਆਈ.ਆਰ ਨੰਬਰ 209 ਮਿਤੀ 17 ਜੂਨ ਬੀ.ਐਨ.ਐੱਸ ਦੀ ਧਾਰਾ 316(4),61(2) ਤਹਿਤ ਮੁਕੱਦਮਾ ਦਰਜ ਕੀਤਾ ਹੈ | ਇਸ ਮੁਕੱਦਮੇ ਦੀ ਪੜਤਾਲ ਏ.ਐੱਸ.ਆਈ ਸੁਖਚੈਨ ਸਿੰਘ ਕਰ ਰਹੇ ਹਨ |