ਜ਼ੀਰਾ, 18 ਜੂਨ (ਰਜਨੀਸ਼ ਕਥੂਰੀਆ)-ਪਤੰਜਲੀ ਯੋਗ ਸਮਿਤੀ ਜ਼ੀਰਾ ਵਲੋਂ 21 ਜੂਨ ਯੋਗ ਮਹਾਂ ਦਿਵਸ ਨੂੰ ਸਮਰਪਿਤ ਮੁਫ਼ਤ ਯੋਗ ਕੈਂਪ ਜੀਵਨ ਮੱਲ ਮਾਡਲ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ ਰੋਡ ਜ਼ੀਰਾ ਵਿਖੇ ਸਵੇਰੇ 5:15 ਤੋ 6:15 ਵਜੇ ਤੱਕ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਿ 21 ਜੂਨ ਤੱਕ ਚੱਲੇਗਾ | ਇਹ ਜਾਣਕਾਰੀ ਦਿੰਦਿਆਂ ਪਤੰਜਲੀ ਯੋਗ ਸਮਿਤੀ ਜ਼ੀਰਾ ਦੇ ਪ੍ਰਧਾਨ ਕਾਨੂੰਗੋ ਅਤੇ ਯੋਗ ਗੁਰੂ ਗੁਰਦੀਪ ਸਿੰਘ ਅਤੇ ਯੋਗ ਗੁਰੂ ਸੁਰਿੰਦਰ ਕਪੂਰ ਨੇ ਦੱਸਿਆ ਕਿ ਇਹ ਕੈਂਪ ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਜ਼ੀਰਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਸਰੀਰਕ ਬਿਮਾਰੀਆਂ ਅਤੇ ਤਣਾਓ ਤੋਂ ਛੁਟਕਾਰਾ ਪਾਉਣ ਲਈ ਯੋਗ ਜਾਂ ਕਸਰਤ ਕਰਨਾ ਜ਼ਰੂਰੀ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਯੋਗ ਕੈਂਪ ਵਿਚ ਅਜਿਹੇ ਯੋਗ ਆਸਣ ਕਰਵਾਏ ਜਾਂਦੇ ਹਨ ਜਿਸ ਨਾਲ ਤਣਾਓ ਤੋ ਮੁਕਤੀ ਦੇ ਨਾਲ ਮੋਟਾਪਾ, ਬਲੱਡ ਪ੍ਰੈਸ਼ਰ, ਸ਼ੂਗਰ, ਗੈੱਸ, ਕਬਜ਼, ਜੋੜਾਂ ਦਾ ਦਰਦ, ਐਲਰਜੀ, ਡਿਪ੍ਰੈਸ਼ਨ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਸਤਿੰਦਰ ਸਚਦੇਵਾ ਸਟੇਟ ਕੋਆਰਡੀਨੇਟਰ ਭਾਰਤ ਵਿਕਾਸ ਪ੍ਰੀਸ਼ਦ, ਸੁਖਦੇਵ ਬਿੱਟੂ ਵਿੱਜ ਪ੍ਰਧਾਨ ਬਰਾਂਚ ਜ਼ੀਰਾ ਅਤੇ ਮਹਿੰਦਰਪਾਲ ਕੁਮਾਰ ਬੈਂਕ ਵਾਲੇ ਆਦਿ ਹਾਜ਼ਰ ਸਨ |