ਫ਼ਾਜ਼ਿਲਕਾ, 19 ਜੂਨ (ਦਵਿੰਦਰ ਪਾਲ ਸਿੰਘ)-ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਰਹਿਨੁਮਾਈ ਹੇਠ ਕੌਮੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਰਿਤੂ ਬਾਲਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫ਼ਾਜ਼ਿਲਕਾ ਦੀ ਅਗਵਾਈ ਹੇਠ ਬਾਲ ਮਜ਼ਦੂਰੀ ਅਤੇ ਬਾਲ ਭਿੱਖਿਆ ਰੋਕੂ 'ਤੇ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਜ਼ਿਲੇ੍ਹ ਦੀਆਂ ਵੱਖ-ਵੱਖ ਜਨਤਕ ਥਾਵਾਂ 'ਤੇ ਚੈਕਿੰਗ ਕੀਤੀ ਗਈ | ਜਿਸ ਦੌਰਾਨ ਬਾਲ ਭਿੱਖਿਆ ਮੰਗਣ ਵਾਲੇ ਬੱਚਿਆ ਦੀ ਭਾਲ ਕੀਤੀ ਗਈ | ਚੈਕਿੰਗ ਦੌਰਾਨ ਬੱਚੇ ਰੇਸਕਿਊ ਕੀਤੇ ਗਏ ਅਤੇ ਮਿਲੇ ਬੱਚਿਆ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ | ਚੈਕਿੰਗ ਦੌਰਾਨ ਕੁੱਝ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਿਤ ਸਨ, ਉਨ੍ਹਾਂ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਤਾਲਮੇਲ ਕੀਤਾ ਗਿਆ | ਜਿਸ ਨਾਲ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੇ ਰਾਜ ਵਿਚ ਚਲਾਈਆਂ ਜਾਣ ਵਾਲੀਆਂ ਸਕੀਮਾਂ ਵਿਚ ਦਰਜ ਕਰਕੇ ਲਾਭ ਦਿੱਤਾ ਜਾਵੇਗਾ ਅਤੇ ਆਪਣੇ ਗ੍ਰਹਿ ਜ਼ਿਲੇ੍ਹ ਵਿਚ ਹੀ ਇਨ੍ਹਾਂ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਫ਼ਾਜ਼ਿਲਕਾ ਵਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂੰ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਹੋਇਆ ਮਿਲਦਾ ਹੈ, ਤਾਂ ਉਸ ਦੀ ਸੂਚਨਾ ਬਾਲ ਹੈਲਪ ਲਾਈਨ 1098 'ਤੇ ਦਿੱਤੀ ਜਾਵੇ, ਤਾਂ ਜੋ ਤੁਹਾਡੀ ਇੱਕ ਪਹਿਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕੇ | 9 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 405 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਾਜ਼ਿਲਕਾ ਵਿਖੇ ਜਾਂ ਬਾਲ ਹੈਲਪ ਲਾਈਨ 1098 'ਤੇ ਫ਼ੋਨ ਕਰਕੇ ਲਈ ਜਾ ਸਕਦੀ ਹੈ | ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੈਕਿੰਗ ਪਹਿਲਾ ਵੀ ਹੋ ਰਹੀਆਂ ਸਨ ਅਤੇ ਇਹ ਲਗਾਤਾਰ ਜਾਰੀ ਹਨ, ਜੇਕਰ ਕੋਈ ਮਾਤਾ ਪਿਤਾ ਬੱਚੇ ਤੋਂ ਬਾਲ ਭਿੱਖਿਆ ਕਰਵਾਉਂਦਾ ਹੈ, ਤਾਂ ਮਾਤਾ ਪਿਤਾ 'ਤੇ ਵੀ ਕਾਰਵਾਈ ਕੀਤੀ ਜਾਵੇਗੀ | ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਸਾਡੇ ਨਾਲ ਹਮੇਸ਼ਾ ਤਾਲਮੇਲ ਕੀਤਾ ਜਾ ਸਕਦਾ ਹੈ | ਇਸ ਦੌਰਾਨ ਰਾਜਬੀਰ ਸਿੰਘ ਲੇਬਰ ਇੰਸਪੈਕਟਰ, ਕੌਸ਼ਲ ਬਾਲ ਸੁਰੱਖਿਆ ਅਫ਼ਸਰ, ਸ਼੍ਰੀਮਤੀ ਬਲਜਿੰਦਰ ਕੋਰ ਲੀਗਲ ਕਮ-ਪ੍ਰੋਬੇਸ਼ਨ ਅਫ਼ਸਰ, ਸ਼੍ਰੀਮਤੀ ਰਣਬੀਰ ਕੋਰ ਬਾਲ ਸੁਰੱਖਿਆ ਅਫ਼ਸਰ,ਨਿਸ਼ਾਨ ਸਿੰਘ ਸੋਸ਼ਲ ਵਰਕਰ , ਨੁਮਾਇੰਦਾ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ, ਨੁਮਾਇੰਦਾ ਜ਼ਿਲ੍ਹਾ ਸਿੱਖਿਆ ਵਿਭਾਗ , ਨੁਮਾਇੰਦਾ ਸਿਹਤ ਵਿਭਾਗ ਅਤੇ ਪੁਲਿਸ ਮੁਲਾਜ਼ਮ ਸ਼ਾਮਲ ਸਨ |