ਮੁੱਦਕੀ, 19 ਜੂਨ (ਭਾਰਤ ਭੂਸ਼ਨ ਅਗਰਵਾਲ)- ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਗਏ ਹਲਕਾ ਕੋਆਰਡੀਨੇਟਰ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਬਰਾੜ ਐਮ.ਸੀ. ਮੁੱਦਕੀ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕਾ ਧਰਮਕੋਟ ਤੋਂ ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਰਿੰਦਰ ਸਿੰਘ ਢੀਂਡਸਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਾਂਗਰਸ ਦੀਆਂ ਨੀਤੀਆਂ ਨੂੰ ਬੂਥ ਪੱਧਰ 'ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਮਾਤ ਦੇ ਕੇ ਸੱਤਾ 'ਤੇ ਕਾਬਜ਼ ਹੋਵੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ ਅਤੇ ਵਿਕਾਸ ਕਾਰਜ ਵੀ ਕਾਂਗਰਸ ਸਰਕਾਰ ਦੇ ਰਾਜ ਵਿਚ ਹੋਏ ਹਨ | ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਸੂਬੇ ਦੀ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ, ਪੰਜਾਬ ਨੂੰ ਕਰਜ਼ੇ ਦੀ ਦਲਦਲ ਵਿਚ ਡੋਬ ਦਿੱਤਾ ਹੈ, ਅਕਾਲੀ ਦਲ ਅਤੇ ਭਾਜਪਾ ਆਪਣੀ ਖੋਹੀ ਹੋਈ ਰਾਜਸੀ ਸ਼ਕਤੀ ਨੂੰ ਇਕੱਠਾ ਕਰਨ ਵਿਚ ਲੱਗੇ ਹੋਏ ਹਨ | ਪੰਜਾਬ ਦੀ ਜਨਤਾ ਸੂਬੇ ਦੀ ਭਲਾਈ ਲਈ ਸਿਰਫ਼ ਕਾਂਗਰਸ 'ਤੇ ਟੇਕ ਰੱਖ ਰਹੀ ਹੈ |