ਮੁੱਦਕੀ, 19 ਜੂਨ (ਭਾਰਤ ਭੂਸ਼ਨ ਅਗਰਵਾਲ)-ਸਮੁੱਚੇ ਪੰਜਾਬ ਅੰਦਰ ਝੋਨੇ ਦੀ ਲਵਾਈ ਦਾ ਕੰਮ ਸਿਖਰ 'ਤੇ ਹੈ | ਕਿਸੇ ਪਾਸੇ ਵੀ ਨਿਕਲੋ ਹਰ ਪਾਸੇ ਦੂਰ-ਦੂਰ ਤੱਕ ਖੇਤਾਂ 'ਚ ਭਰਿਆ ਪਾਣੀ ਅਤੇ ਝੋਨਾ ਲਗਾ ਰਹੇ ਮਜ਼ਦੂਰ ਹੀ ਵਿਖਾਈ ਦਿੰਦੇ ਹਨ | ਇਸ ਵਾਰ ਸਰਕਾਰ ਨੇ ਝੋਨਾ ਲਗਾਉਣ ਦੀ ਮਿਤੀ 1 ਜੂਨ ਨਿਸ਼ਚਿਤ ਕੀਤੀ ਸੀ ਤੇ ਇਨ੍ਹਾਂ ਸਰਕਾਰੀ ਆਦੇਸ਼ਾਂ ਦੀ ਪਾਲਣਾ ਵੀ ਲਗਭਗ ਹੋਈ ਹੀ ਹੈ | ਪਿਛਲੇ ਸਾਲ ਵੀ ਕਿਸਾਨਾਂ ਨੇ ਮਹਿੰਗੇ ਭਾਅ ਪੇਂਡੂ ਮਜ਼ਦੂਰਾਂ ਤੋਂ ਝੋਨਾ ਲਵਾਇਆ ਸੀ | ਇਸ ਸਾਲ ਖੇਤਾਂ ਨੂੰ ਮਿਲ ਰਹੇ ਨਹਿਰੀ ਪਾਣੀ ਦੀ ਸਪਲਾਈ ਤੋਂ ਕਿਸਾਨ ਸੰਤੁਸ਼ਟ ਨਜ਼ਰ ਆ ਰਹੇ ਹਨ | ਝੋਨੇ ਦੀ ਲਵਾਈ ਦਾ ਸੀਜ਼ਨ ਜੋਬਨ 'ਤੇ ਹੋਣ ਕਾਰਨ ਝੋਨਾ ਲਗਾਉਣ ਦੀ ਤਾਰੀਖ਼ 1 ਜੂਨ ਨਿਸ਼ਚਿਤ ਕਰਨ, ਫ਼ਸਲ ਦੀ ਕਿਸਮ, ਮਜ਼ਦੂਰਾਂ ਦੀ ਘਾਟ ਅਤੇ ਮਜ਼ਦੂਰੀ ਦੇ ਰੇਟ ਨੂੰ ਲੈ ਕੇ ਕਈ ਤਰ੍ਹਾਂ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ | ਝੋਨਾ ਲਗਾਉਣ ਦਾ ਸੀਜ਼ਨ ਆਮ ਤੌਰ 'ਤੇ 20 ਕੁ ਦਿਨ ਦਾ ਹੁੰਦਾ ਹੈ ਤੇ ਦਿਨੋ-ਦਿਨ ਧਰਤੀ ਹੇਠਲੇ ਪਾਣੀ ਦੇ ਘਟਣ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਸਰਕਾਰ ਵਲੋਂ ਝੋਨਾ ਲਗਾਉਣ ਦੀ ਮਿਤੀ 1 ਜੂਨ ਨਿਸ਼ਚਿਤ ਕਰਨ ਨਾਲ ਇਹ ਸੀਜ਼ਨ 20 ਕੁ ਦਿਨ ਹੀ ਚੱਲਣ ਦੀ ਉਮੀਦ ਹੈ | ਸਾਰੇ ਪਾਸੇ ਝੋਨੇ ਦੀ ਲਵਾਈ ਸ਼ੁਰੂ ਹੋਣ ਨਾਲ ਕਿਸਾਨਾਂ ਅੱਗੇ ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਆ ਗਈ ਹੈ | ਪਹਿਲਾਂ ਲੋਕਲ ਮਜ਼ਦੂਰ ਤੋਂ ਇਲਾਵਾ ਬਿਹਾਰ ਤੇ ਯੂ.ਪੀ ਆਦਿ ਸੂਬਿਆਂ ਤੋਂ ਵੱਡੀ ਗਿਣਤੀ 'ਚ ਮਜ਼ਦੂਰ ਪੰਜਾਬ ਆਉਂਦੇ ਸਨ, ਪ੍ਰੰਤੂ ਇਨ੍ਹਾਂ ਸੂਬਿਆਂ 'ਚ ਨਰੇਗਾ ਤੇ ਹੋਰ ਵਿਕਾਸ ਕਾਰਜਾਂ ਦੇ ਚੱਲਦਿਆਂ ਪਹਿਲਾਂ ਨਾਲੋਂ ਘੱਟ ਮਜ਼ਦੂਰ ਆ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਿਲ ਆ ਰਹੀ ਹੈ |