ਜ਼ੀਰਾ, 19 ਜੂਨ (ਹਰਜੀਤ ਸਿੰਘ ਗਿੱਲ)-ਦਿਨ-ਬ-ਦਿਨ ਵਧ ਰਹੀ ਗਰਮੀ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਅਤੇ ਆਲਮੀ ਤਪਸ਼ ਨੂੰ ਘਟਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਦੇ ਨਾਲ-ਨਾਲ ਮਨੁੱਖ ਨੂੰ ਇਨ੍ਹਾਂ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਅਸੀਂ ਕੁਦਰਤ ਦੇ ਨੇੜੇ ਹੋ ਕੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਬਣਾ ਸਕੀਏ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਵਿੰਦਰ ਸਿੰਘ ਤਹਿਸੀਲਦਾਰ ਜ਼ੀਰਾ ਅਤੇ ਰਾਜ ਕੁਮਾਰ ਨਾਇਬ ਤਹਿਸੀਲਦਾਰ ਜ਼ੀਰਾ ਨੇ ਗੁਰਮੀਤ ਸਿੰਘ ਮਾਨ ਐਸ.ਡੀ.ਐਮ ਜ਼ੀਰਾ ਦੇ ਆਦੇਸ਼ਾਂ ਅਨੁਸਾਰ ਤਹਿਸੀਲ ਕੰਪਲੈਕਸ 'ਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਗੱਲਬਾਤ ਦੌਰਾਨ ਕੀਤਾ | ਇਸ ਦੌਰਾਨ ਤਹਿਸੀਲ ਦਫ਼ਤਰ ਦੇ ਸਮੁੱਚੇ ਸਟਾਫ਼ ਵਲੋਂ ਦਫ਼ਤਰ ਦੇ ਆਲੇ-ਦੁਆਲੇ ਲਗਭਗ 100 ਪੌਦੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਸਤਵਿੰਦਰ ਸਿੰਘ ਨੇ ਕਿਹਾ ਕਿ ਦਿਨੋਂ-ਦਿਨ ਵਧ ਰਹੀ ਗਰਮੀ ਮਨੁੱਖ ਵਲੋਂ ਦਰਖ਼ਤਾਂ ਦੀ ਜ਼ਿਆਦਾ ਕਟਾਈ ਕਰਨ ਦਾ ਨਤੀਜਾ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਫਿਰ ਤੋਂ ਵਾਤਾਵਰਨ ਸਾਫ਼-ਸੁਥਰਾ ਅਤੇ ਮੌਸਮ ਖ਼ੁਸ਼ਗਵਾਰ ਬਣੇ ਤਾਂ ਸਾਨੂੰ ਆਪਣੇ ਪੁਰਖਿਆਂ ਵਾਂਗ ਘਰ ਦੇ ਨੇੜੇ, ਖੇਤਾਂ ਅਤੇ ਦਫ਼ਤਰਾਂ ਆਦਿ ਵਿਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਹੀ ਵਾਤਾਵਰਨ ਵਿਚ ਸੁਧਾਰ ਹੋ ਸਕੇਗਾ | ਇਸ ਮੌਕੇ ਸਤਵਿੰਦਰ ਸਿੰਘ ਤਹਿਸੀਲਦਾਰ ਜ਼ੀਰਾ ਤੋਂ ਇਲਾਵਾ ਰਾਜ ਕੁਮਾਰ ਚੱਡਾ ਨਾਇਬ ਤਹਿਸੀਲਦਾਰ, ਹਰਪ੍ਰੀਤ ਸਿੰਘ ਰੀਡਰ ਤਹਿਸੀਲਦਾਰ ਜ਼ੀਰਾ, ਤਰਸੇਮ ਸਿੰਘ, ਸਤਪਾਲ ਸਿੰਘ, ਜਰਮਨ ਸਿੰਘ, ਸੁਰਜੀਤ ਸਿੰਘ ਦਫ਼ਤਰ ਕਾਨੂੰਗੋ, ਪਰਮਜੀਤ ਸਿੰਘ, ਅਨਮੋਲ ਸਚਦੇਵਾ, ਰੌਬਿਨ ਸਚਦੇਵਾ, ਪਵਨ ਕੁਮਾਰ ਆਦਿ ਹਾਜ਼ਰ ਸਨ |