ਖੋਸਾ ਦਲ ਸਿੰਘ, 20 ਜੂਨ (ਮਨਪ੍ਰੀਤ ਸਿੰਘ ਸੰਧੂ)-ਪੰਜਾਬ ਫੁੱਟਬਾਲ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਐੱਸ.ਐੱਸ. ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਵਿਖੇ ਫੁੱਟਬਾਲ ਨਾਲ ਸਬੰਧਿਤ ਕੋਚਾਂ ਨੂੰ ਸਿਖਲਾਈ ਦੇਣ ਲਈ 6 ਰੋਜ਼ਾ ਡੀ-ਲਾਇਸੰਸ ਕੋਰਸ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਕੈਂਪ ਦੇ ਸਮਾਪਤੀ 'ਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਿੱਲ, ਵਾਈਸ ਪ੍ਰਧਾਨ ਕੰਵਲਜੀਤ ਸਿੰਘ ਗਿੱਲ, ਸਕੱਤਰ ਗੁਰਇੰਦਰ ਸਿੰਘ ਬਰਾੜ, ਖ਼ਜ਼ਾਨਚੀ ਗੁਰਮੀਤ ਸਿੰਘ ਮੁੱਦਕੀ ਵਲੋਂ ਸਾਂਝੇ ਤੌਰ 'ਤੇ ਕੈਂਪ ਵਿਚ ਸ਼ਾਮਿਲ ਸਾਰੇ ਕੋਚਾਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਲੋਂ ਮਾਨਤਾ ਪ੍ਰਾਪਤ ਕੋਚ ਬਣਨ 'ਤੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਫੁੱਟਬਾਲ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਇਸ ਕੈਂਪ ਵਿਚ ਕੋਚਾਂ ਨੂੰ ਖੇਡ ਨਾਲ ਸਬੰਧਤ ਬਰੀਕੀਆਂ ਬਾਰੇ ਥਿਊਰੀ ਅਤੇ ਪੈ੍ਰਕਟੀਕਲ ਸਿਖਲਾਈ ਦੇਣ ਲਈ ਹਰਦੀਪ ਸਿੰਘ ਸੈਣੀ ਟੈਕਨੀਕਲ ਇੰਸਟਰਕਟਰ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ | ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਵਲੋਂ ਇਹ ਜ਼ਿੰਮੇਵਾਰੀ ਅਤੇ ਸਹਿਯੋਗ ਦੇਣ ਲਈ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਐਡੀਸ਼ਨਲ ਸੈਕਟਰੀ ਵਿਜੇ ਬਾਲੀ ਅਤੇ ਸੈਕਟਰੀ ਹਰਜਿੰਦਰ ਸਿੰਘ ਜੱਗਾ ਦਾ ਧੰਨਵਾਦ ਕੀਤਾ ਗਿਆ | ਇਸ ਕੈਂਪ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਖਜੀਤ ਸਿੰਘ ਕੋਆਰਡੀਨੇਟਰ ਅਤੇ ਅੰਗਰੇਜ਼ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਸਾਰੇ ਆਏ ਹੋਏ ਕੋਚਾਂ ਅਤੇ ਪ੍ਰਬੰਧਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਸਾਂਭਿਆ | ਕੈਂਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ 16 ਲੜਕੇ ਅਤੇ 6 ਲੜਕੀਆਂ ਨੇ ਸਿਖਲਾਈ ਹਾਸਿਲ ਕੀਤੀ | ਆਖ਼ਰੀ ਦਿਨ ਲਿਖਤੀ ਪੇਪਰ ਵੀ ਲਿਆ ਗਿਆ, ਉਹ ਪਾਸ ਕਰਨ 'ਤੇ ਹੁਣ ਕੈਂਡੀਡੇਟ ਨੂੰ ਏ.ਆਈ.ਐਫ.ਐਫ ਵਲੋਂ ਡੀ ਲਾਇਸੰਸ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ | ਅਖੀਰ ਵਿਚ ਪ੍ਰਬੰਧਕਾਂ ਵਲੋਂ ਮਹਿਮਾਨਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ |