ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫ਼ਰੀਦਕੋਟ ਰੋਡ 'ਤੇ ਸਥਿਤ ਖਾਲਸਾ ਮਿਸ਼ਨ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਵਿਖੇ ਸਕੂਲ ਸਟਾਫ਼ ਨੂੰ ਯੋਗ ਕਰਵਾਉਣ ਦੇ ਲਈ ਯੋਗ ਟਰੇਨਰ ਹਰੀਸ਼ ਚੰਦਰ, ਅਸ਼ਵਨੀ ਸਿਕਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਵਲੋਂ ਸਕੂਲ ਸਟਾਫ਼ ਨੂੰ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕਰਵਾਏ ਗਏ | ਇਸ ਮੌਕੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਯੋਗ ਮਾਹਿਰ ਅਸ਼ਵਨੀ ਸਿਕਰੀ ਅਤੇ ਹਰੀਸ਼ ਚੰਦਰ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿਚ ਲੋਕਾਂ ਵਲੋਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਜਿਵੇਂ ਕਿ ਸ਼ੂਗਰ, ਬਲੱਡ ਪੈ੍ਰਸ਼ਰ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੇ ਘੇਰ ਲਿਆ ਹੈ ਜਿਸ ਕਰਕੇ ਸਾਨੂੰ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਦੂਰ ਰਹਿਣ ਦੇ ਲਈ ਹਰ ਰੋਜ਼ ਯੋਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਹਰ ਰੋਜ਼ ਯੋਗ ਕਰਨ ਨਾਲ ਜਿੱਥੇ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਉੱਥੇ ਹੀ ਸਾਡਾ ਸਰੀਰ ਵੀ ਤੰਦਰੁਸਤ ਰਹੇਗਾ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨਿਸ਼ਾਨ ਸਿੰਘ ਵਲੋਂ ਸਕੂਲ ਵਿਖੇ ਸਕੂਲ ਸਟਾਫ਼ ਨੂੰ ਯੋਗ ਕਰਵਾਉਣ ਆਏ ਯੋਗ ਮਾਹਿਰ ਅਸ਼ਵਨੀ ਸਿਕਰੀ, ਹਰੀਸ਼ ਚੰਦਰ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਅਤੇ ਉਨ੍ਹਾਂ ਦਾ ਸਟਾਫ਼ ਹਰ ਰੋਜ਼ ਸਵੇਰ ਸਮੇਂ ਯੋਗ ਕਰੇਗਾ ਅਤੇ ਉਹ ਸਕੂਲੀ ਛੁੱਟੀਆਂ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਆਪਣੀ ਜ਼ਿੰਦਗੀ ਵਿਚ ਯੋਗ ਦੀ ਮਹੱਤਤਾ ਸੰਬੰਧੀ ਜਿੱਥੇ ਜਾਣੂ ਕਰਵਾਉਣਗੇ ਉੱਥੇ ਹੀ ਉਨ੍ਹਾਂ ਨੂੰ ਹਰ ਰੋਜ਼ ਯੋਗ ਕਰਨ ਲਈ ਪ੍ਰੇਰਿਤ ਵੀ ਕਰਨਗੇ |