ਗੁਰੂਹਰਸਹਾਏ, 21 ਜੂਨ (ਕਪਿਲ ਕੰਧਾਰੀ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਮਨਾਇਆ ਗਿਆ | ਇਸ ਮੌਕੇ ਯੋਗ ਕਰਵਾਉਣ ਦੇ ਲਈ ਪਤੰਜਲੀ ਯੋਗ ਸੰਮਤੀ, ਮਹਿਲਾ ਪਤੰਜਲੀ ਯੋਗ ਸੰਮਤੀ, ਭਾਰਤ ਸਵਾਬੀਮਾਨ, ਕਿਸਾਨ ਸੇਵਾ ਸੰਮਤੀ ਤੋਂ ਯੋਗ ਮਾਹਿਰ ਹਰੀਸ਼ ਚੰਦਰ, ਅਸ਼ਵਨੀ ਸਿਕਰੀ, ਮੈਡਮ ਮੰਜੂ, ਮੈਡਮ ਕਿਰਨ, ਪ੍ਰਕਾਸ਼ ਕੌਰ ਵਲੋਂ ਆਏ 100 ਦੇ ਕਰੀਬ ਸ਼ਹਿਰ ਵਾਸੀਆਂ ਨੂੰ ਯੋਗ ਦੇ ਵੱਖ ਵੱਖ ਆਸਣ ਕਰਵਾਏ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰੀਸ਼ ਚੰਦਰ, ਅਸ਼ਵਨੀ ਸਿਕਰੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ 21 ਜੂਨ ਨੂੰ ਸਵੇਰੇ 5 ਵਜੇ ਤੋਂ ਲੈ ਕੇ 7 ਵਜੇ ਤੱਕ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਪਾਰਕ ਵਿਚ ਪਹੁੰਚੇ 100 ਦੇ ਕਰੀਬ ਸ਼ਹਿਰ ਵਾਸੀਆਂ ਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਆਸਣ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵਲੋਂ ਵਰਿਕਸ਼ ਆਸਣ, ਤਾੜ ਆਸਣ, ਭੁਜੰਗ ਆਸਣ, ਪਵਨ ਮੁਕਤ ਆਸਣ, ਸ਼ਵ ਆਸਣ ਅਤੇ ਪ੍ਰਾਣਾਯਾਮ ਆਦਿ ਕਰਵਾਏ ਗਏ | ਇਸ ਮੌਕੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਯੋਗ ਮਾਹਿਰ ਹਰੀਸ਼ ਚੰਦਰ ਨੇ ਕਿਹਾ ਕਿ ਸਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਿਰਫ਼ 21 ਜੂਨ ਨੂੰ ਹੀ ਯੋਗ ਨਹੀਂ ਕਰਨਾ ਚਾਹੀਦਾ ਬਲਕਿ ਹਰ ਰੋਜ਼ ਸਾਨੂੰ ਯੋਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਨਸਾਨ ਅੱਜ ਕੱਲ੍ਹ ਆਪਣੇ ਕੰਮ-ਕਾਜ ਵਿਚ ਇੰਨਾ ਰੁੱਝ ਗਿਆ ਹੈ ਕਿ ਉਹ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ ਪਾਉਂਦਾ | ਜਿਸ ਕਰਕੇ ਤਕਰੀਬਨ ਹਰ ਇਕ ਵਿਅਕਤੀ ਹੀ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਇਆ ਪਿਆ ਹੈ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਹਰ ਰੋਜ਼ ਇਕ ਘੰਟਾ ਯੋਗ ਕਰੋ | ਇਸ ਮੌਕੇ ਵਰੁਣ ਗਾਵੜੀ, ਜੋਨੀ ਆਵਲਾ, ਰਾਜਾ ਕੁਮਾਰ, ਪ੍ਰੇਮ ਸਚਦੇਵਾ, ਵਿਕਾਸ ਗਲਹੋਤਰਾ, ਵਿਜੇ ਨਰੂਲਾ, ਦੀਪਕ ਸ਼ਰਮਾ, ਸਤਪਾਲ ਗਿਰਧਰ, ਸੰਦੀਪ ਮਦਾਨ, ਬੱਬੂ ਕੰਧਾਰੀ ਆਦਿ ਹਾਜ਼ਰ ਸਨ |