ਗੋਲੂ ਕਾ ਮੋੜ, 22 ਜੂਨ (ਸੁਰਿੰਦਰ ਸਿੰਘ ਪੁਪਨੇਜਾ)- ਡੇਰਾ ਸ਼੍ਰੀ ਭਜਨਗੜ੍ਹ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਵਚਨ ਸਿੰਘ ਵਲੋਂ ਚਲਾਈ ਮਰਿਆਦਾ ਅਨੁਸਾਰ ਡੇਰਾ ਸ੍ਰੀ ਭਜਨਗੜ੍ਹ ਗੋਲੂ ਕਾ ਮੋੜ ਵਿਖੇ ਪਹਿਲੀ ਹਾੜ ਤੋਂ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ ਹੈ | ਇਸ ਦੌਰਾਨ ਚੱਲ ਰਹੇ ਸਮਾਗਮਾਂ ਵਿਚ 12 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਹੈੱਡ ਗ੍ਰੰਥੀ ਭਾਈ ਗੁਰਦੀਪ ਸਿੰਘ ਵਲੋਂ ਅਰਦਾਸ ਕਰਨ ਉਪਰੰਤ 12 ਅਖੰਡ ਪਾਠ ਆਰੰਭ ਕੀਤੇ ਗਏ | ਬਾਬਾ ਵਚਨ ਸਿੰਘ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਨਿਹਾਲ ਕੀਤਾ ਅਤੇ ਡੇਰਾ ਸ਼੍ਰੀ ਭਜਨਗੜ੍ਹ ਦੇ ਗੱਦੀਨਸ਼ੀਨ ਸੰਤ ਬਾਬਾ ਰਜਿੰਦਰ ਸਿੰਘ ਵਲੋਂ ਕਥਾ-ਵਿਚਾਰਾਂ ਤੇ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਇਸ ਮੌਕੇ ਭਾਈ ਅਮਰਜੀਤ ਸਿੰਘ ਗੁਰੂਹਰਸਹਾਏ ਵਾਲਿਆਂ ਦੇ ਰਾਗੀ ਜਥੇ ਨੇ ਸਮਾਗਮ ਵਿਚ ਸ਼ਿਰਕਤ ਕੀਤੀ | ਸੰਤ ਬਾਬਾ ਰਜਿੰਦਰ ਸਿੰਘ ਨੇ ਦੱਸਿਆ ਕਿ ਮਹਾਨ ਤਪੱਸਵੀ ਸ੍ਰੀ ਮਾਨ 108 ਸੰਤ ਬਾਬਾ ਵਚਨ ਸਿੰਘ ਵਲੋਂ ਚਲਾਈ ਮਰਿਆਦਾ ਅਨੁਸਾਰ ਹਰ ਸਾਲ ਦੀ ਤਰ੍ਹਾਂ ਪਹਿਲੀ ਹਾੜ੍ਹ ਤੋਂ ਅਖੰਡ ਪਾਠ ਦੀ ਲੜੀ ਆਰੰਭ ਹੈ ਜਿਸ ਵਿਚ ਇਲਾਕੇ ਤੋ ਇਲਾਵਾ ਵਿਦੇਸ਼ਾਂ ਦੀਆਂ ਸੰਗਤਾਂ ਵੀ ਨਤਮਸਤਕ ਹੋ ਰਹੀਆਂ ਹਨ |