ਜਲਾਲਾਬਾਦ, 22 ਜੂਨ (ਹਰਪ੍ਰੀਤ ਸਿੰਘ ਪਰੂਥੀ)- ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਵਲੋਂ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਵਿਚ ਭਰਤੀ ਅਤੇ 343 ਲੈਕਚਰਾਰਾਂ ਦੀ ਰੱਦ ਕੀਤੀ ਭਰਤੀ ਦਾ ਦੁਬਾਰਾ ਵੱਡੇ ਪੱਧਰ 'ਤੇ ਅਸਾਮੀਆਂ ਖ਼ਾਲੀ ਭਰਨ ਲਈ ਪੰਜਾਬ ਸਰਕਾਰ ਤੋਂ ਇਸ਼ਤਿਹਾਰ ਜਾਰੀ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ | ਇਸ ਦੇ ਵਿਰੋਧ ਵਜੋਂ ਹੁਣ ਬੇਰੁਜ਼ਗਾਰ ਟੈੱਟ ਪਾਸ ਬੀ.ਐਡ. ਅਧਿਆਪਕਾਂ ਦਾ ਗ਼ੁੱਸਾ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਪੰਜਾਬ ਪੱਧਰੀ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਅੱਜ ਜਲਾਲਾਬਾਦ ਵਿਖੇ ਸੂਬਾ ਪ੍ਰਧਾਨ ਜਸਵੰਤ ਘੁਬਾਇਆ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਸੂਬਾ ਪ੍ਰਧਾਨ ਜਸਵੰਤ ਸਿੰਘ ਨੇ ਦੱਸਿਆ ਕਿ ਆਪ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਆਪ ਦੀ ਸਰਕਾਰ ਆਉਣ 'ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਪ੍ਰਬੰਧ ਕੀਤਾ ਜਾਵੇਗਾ ਪਰ ਇਸ ਦੇ ਉਲਟ ਹੋਇਆ ਹੈ | ਆਗੂਆਂ ਨੇ ਕਿਹਾ ਕਿ ਮਾਸਟਰ ਕੇਡਰ ਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਵੱਡੀ ਗਿਣਤੀ ਵਿਚ ਸਾਰੀਆਂ ਖ਼ਾਲੀ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ | ਉਮਰ ਹੱਦ ਦਾ ਹੱਲ ਕੀਤਾ ਜਾਵੇ | ਪੰਜਾਬ ਦੀਆਂ ਸਾਰੀਆਂ ਸਰਕਾਰੀ ਨੌਕਰੀਆਂ ਲਈ ਪੰਜਾਬ ਦੇ ਪੱਕੇ ਵਸਨੀਕ ਨੂੰ ਪਹਿਲ ਦਿੱਤੀ ਜਾਵੇ ਅਤੇ ਬਾਹਰੀ ਰਾਜਾਂ ਦਾ ਕੋਟਾ ਸੀਮਤ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਬਾਹਰੀ ਰਾਜਾਂ ਦੇ ਉਮੀਦਵਾਰਾਂ ਨੂੰ ਦਸਵੀਂ ਜਮਾਤ ਦੀ ਪੰਜਾਬੀ ਭਾਸ਼ਾ ਵਾਧੂ ਵਿਸ਼ਾ ਬੰਦ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਹੁਣ ਬੇਰੁਜ਼ਗਾਰ ਟੈੱਟ ਪਾਸ ਅਧਿਆਪਕਾਂ ਨੇ ਸੰਘਰਸ਼ ਦੀ ਸ਼ੁਰੂਆਤ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਕਰਨਗੇ | ਇਸ ਮੌਕੇ ਪਹੁੰਚੇ ਸਾਥੀ ਹਰਦੀਪ ਸਜਰਾਣਾ, ਨਛੱਤਰ, ਮਨੀਸ਼, ਸੁਨੀਲ, ਸਤਨਾਮ, ਹਰਪ੍ਰੀਤ ਸਿੰਘ, ਬੱਬੂ, ਸੁਰੇਸ਼, ਗੌਰਵ, ਕਾਲਾ, ਸ਼ਿੰਦਰ, ਸੰਦੀਪ, ਬੂਟਾ ਸਿੰਘ, ਬਲਜੀਤ ਸਿੰਘ, ਲਵਪ੍ਰੀਤ, ਬਿੰਦਰ, ਮਲਕੀਤ, ਵੀਨੂ ਸਰਾਰੀ, ਸੀਮਾ, ਗੁਰਮੀਤ ਆਦਿ ਮੌਜੂਦ ਸਨ |