ਫ਼ਿਰੋਜ਼ਪੁਰ, 22 ਜੂਨ (ਰਾਕੇਸ਼ ਚਾਵਲਾ)- ਵਿਧਾਨਸਭਾ ਜ਼ੀਰਾ ਸਥਿਤ ਸੁਖਮਨੀ ਹਸਪਤਾਲ ਦੇ ਮਾਲਕ ਵਲੋਂ ਹਸਪਤਾਲ ਮੂਹਰੇ ਆਏ ਦਿਨ ਧਰਨਿਆਂ ਤੇ ਜ਼ੀਰਾ ਪੁਲਿਸ ਵਲੋਂ ਧਰਨਾਕਾਰੀਆਂ ਵਿਰੁੱਧ ਬਣਦੀ ਕਾਰਵਾਈ ਨਾ ਹੁੰਦੇ ਵੇਖ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਿੱਟ ਦਾਇਰ ਕੀਤੀ ਗਈ ਜਿਸ 'ਚ ਜ਼ੀਰਾ ਪੁਲਿਸ ਨੇ ਹਲਫ਼ੀਆ ਬਿਆਨ ਰਾਹੀਂ ਆਪਣਾ ਪੱਖ ਤੇ ਧਰਨੇ ਸਬੰਧੀ ਸਥਿਤੀ ਨੂੰ ਸਪਸ਼ਟ ਕੀਤਾ | ਜਾਣਕਾਰੀ ਅਨੁਸਾਰ ਦਾਇਰ ਪਟੀਸ਼ਨ 'ਚ ਸੰਜੀਵ ਨਾਰੰਗ ਪੁੱਤਰ ਜਵਾਹਰ ਲਾਲ ਨਾਰੰਗ ਵਾਸੀ ਜ਼ੀਰਾ ਨੇ ਦੱਸਿਆ ਕਿ ਉਹ ਜ਼ੀਰਾ ਸਥਿਤ ਸੁਖਮਨੀ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਮਾਲਕ ਹੈ | ਮਿਤੀ 22 ਮਈ ਨੂੰ ਇਕ ਮਰੀਜ਼ ਹਸਪਤਾਲ ਵਿਖੇ ਦਾਖਲ ਹੋਇਆ ਤੇ ਦਾਖਲ ਮਰੀਜ਼ 25 ਮਈ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫ਼ਰ ਕਰ ਦਿੱਤਾ ਗਿਆ ਜਿੱਥੇ 1 ਜੂਨ ਨੂੰ ਮਰੀਜ਼ ਦੀ ਮੌਤ ਹੋ ਗਈ | ਉਕਤ ਵਿਅਕਤੀ ਦੀ ਮੌਤ ਉਪਰੰਤ ਇਕ ਕਿਸਾਨ ਯੂਨੀਅਨ ਦੇ ਆਗੂਆਂ ਦੇ ਪ੍ਰਭਾਵ ਅਧੀਨ ਹਜੂਮ ਨੇ ਹਸਪਤਾਲ ਦੇ ਬੂਹੇ ਮੂਹਰੇ ਧਰਨਾ ਦਿੱਤਾ ਜਿਸ ਨਾਲ ਹਸਪਤਾਲ ਦੇ ਸਟਾਫ਼ ਅਤੇ ਡਾਕਟਰਾਂ ਦੀ ਸੁਰੱਖਿਆ ਖ਼ਤਰੇ 'ਚ ਪੈ ਗਈ | ਪਟੀਸ਼ਨ ਕਰਤਾ ਸੰਜੀਵ ਨਾਰੰਗ ਨੇ ਇਸ ਬਾਬਤ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ | ਅੰਤ 'ਚ ਆਏ ਦਿਨ ਧਰਨਿਆਂ ਤੋਂ ਦੁਖੀ ਹੋ ਕੇ ਆਪਣੀ ਤੇ ਹਸਪਤਾਲ ਸਟਾਫ਼ ਦੀ ਹਿਫ਼ਾਜ਼ਤ ਲਈ ਪਟੀਸ਼ਨ ਦਾਇਰ ਕਰ ਪੰਜਾਬ ਸਰਕਾਰ ਰਾਹੀਂ ਸਕੱਤਰ ਡਿਪਾਰਟਮੈਂਟ ਹੈਲਥ ਤੇ ਵੈੱਲਫੇਅਰ ਵਿਭਾਗ ਚੰਡੀਗੜ੍ਹ, ਡਾਇਰੈਕਟਰ ਡਿਪਾਰਟਮੈਂਟ ਹੈਲਥ ਤੇ ਵੈੱਲਫੇਅਰ ਵਿਭਾਗ ਚੰਡੀਗੜ੍ਹ, ਐੱਸ.ਐੱਸ.ਪੀ. ਫ਼ਿਰੋਜ਼ਪੁਰ, ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ, ਐੱਸ.ਐੱਚ.ਉ. ਜ਼ੀਰਾ ਆਦਿ ਨੂੰ ਉੱਤਰਵਾਦੀ ਬਣਾਇਆ ਗਿਆ | ਮਾਮਲੇ 'ਤੇ ਹਾਈਕੋਰਟ ਵਲੋਂ ਨੋਟਿਸ ਕਰਕੇ ਸਰਕਾਰ ਤੇ ਪੁਲਿਸ ਨੂੰ ਜਵਾਬ ਦੇਣ ਲਈ ਕਿਹਾ ਗਿਆ ਜਿਸ 'ਤੇ ਡੀ.ਐੱਸ. ਪੀ. ਜ਼ੀਰਾ ਨੇ ਆਪਣੇ ਹਲਫ਼ੀਆ ਬਿਆਨ ਰਾਹੀਂ ਦੱਸਿਆ ਕਿ ਕਿਸਾਨ ਆਗੂਆਂ ਨੇ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੀ ਕਈ ਨਿੱਜੀ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕੋਈ ਧਮਕੀ ਦਿੱਤੀ ਹੈ | ਇਸ ਤੋਂ ਇਲਾਵਾ ਥਾਣਾ ਸਿਟੀ ਜ਼ੀਰਾ ਦੇ ਐੱਸ.ਐੱਚ.ਓ. ਨੂੰ ਨਿਰਦੇਸ਼ ਦਿੱਤੇ ਹਨ ਕਿ ਪਟੀਸ਼ਨਰ ਦੀ ਹਿਫ਼ਾਜ਼ਤ ਖ਼ੁਦ ਜਾਂ ਪੀ.ਸੀ.ਆਰ. ਜਾਂ ਡਿਊਟੀ ਅਫ਼ਸਰ ਵਲੋਂ ਯਕੀਨੀ ਬਣਾਈ ਜਾਵੇ | ਸਰਕਾਰ ਦੇ ਵਕੀਲ ਨੇ ਹਾਈਕੋਰਟ ਦੇ ਇਕਹਿਰੇ ਬੈਂਚ 'ਤੇ ਆਧਾਰਿਤ ਜਸਟਿਸ ਵਿਕਰਮ ਅਗਰਵਾਲ ਦੀ ਕੋਰਟ ਨੂੰ ਦੱਸਿਆ ਕਿ ਜੇਕਰ ਭਵਿੱਖ 'ਚ ਉਕਤ ਵਲੋਂ ਧਰਨਾ ਦਿੱਤਾ ਜਾਂਦਾ ਹੈ ਤਾਂ ਪੁਲਿਸ ਵਿਭਾਗ ਕਾਨੂੰਨ ਮੁਤਾਬਿਕ ਕਾਰਵਾਈ ਕਰੇਗਾ |