ਫ਼ਿਰੋਜ਼ਪੁਰ, 22 ਜੂਨ (ਕੁਲਬੀਰ ਸਿੰਘ ਸੋਢੀ)- ਕੇਂਦਰ ਤੇ ਸੂਬਾ ਸਰਕਾਰ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਪ੍ਰੇਸ਼ਾਨ ਕਰਨ ਲਈ ਨਿੱਤ ਨਵੇਂ ਢੰਗ ਤਰੀਕੇ ਲੱਭਦੀਆਂ ਰਹਿੰਦੀਆਂ ਹਨ ਤੇ ਕਿਸਾਨ ਵਰਗ ਵੀ ਵਿਰੋਧ ਕਾਰਨ ਤੋਂ ਪਿੱਛੇ ਨਹੀਂ ਹਟਦਾ ਹੈ | ਦੇਖਣ ਵਿਚ ਆਇਆ ਹੈ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਤਾਂ ਸਹੀ ਤਰੀਕੇ ਤੇ ਸਹੀ ਸਮੇਂ 'ਤੇ ਮਿਲ ਨਹੀਂ ਰਹੀ ਤੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰਕੇ ਪਿੰਡਾਂ ਅੰਦਰ ਪ੍ਰੀਪੇਡ ਤੇ ਚਿੱਪ ਵਾਲੇ ਮੀਟਰ ਲਗਾਉਣ ਲਈ ਵਿਭਾਗ ਨੂੰ ਸਖ਼ਤੀ ਕਰਨ ਬਾਰੇ ਕਿਹਾ ਗਿਆ ਹੈ, ਜਿਸ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ ਸੂਬਾ ਜਨਰਲ ਸਕੱਤਰ ਗੁਰਸੇਵਕ ਸਿੰਘ ਧਾਲੀਵਾਲ ਤੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਫੁੱਲਰਵਨ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਪਹਿਲਾਂ ਵੀ ਕਿਸਾਨ ਵਿਰੋਧੀ ਨੀਤੀਆਂ ਨੂੰ ਲਿਆ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ ਤੇ ਹੁਣ ਪ੍ਰੀਪੇਡ ਤੇ ਚਿੱਪ ਵਾਲੇ ਮੀਟਰ ਪਿੰਡਾਂ ਵਿਚ ਲਗਾ ਕੇ ਕਿਸਾਨਾਂ ਭਾਈਚਾਰੇ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਖੇਤਾਂ ਨੂੰ ਦੇਣ ਵਾਲੀ ਸਪਲਾਈ ਤਾਂ ਪੂਰੀ ਨਹੀਂ ਕੀਤੀ ਜਾਂਦੀ ਤੇ ਘਰਾਂ ਦੀ ਸਪਲਾਈ ਨੂੰ ਵੀ ਕੱਟ ਲਗਾ ਕੇ ਕੰਮ ਚਲਾਇਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਪ੍ਰੀਪੇਡ ਤੇ ਚਿੱਪ ਵਾਲੇ ਮੀਟਰ ਲਗਾਉਣ ਲਈ ਕੰਮ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤਾ ਹੈ, ਜੋ ਸ਼ਰੇਆਮ ਧੱਕੇਸ਼ਾਹੀ ਹੈ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜਥੇਬੰਦੀ ਦੇ ਆਗੂ ਗੁਰਭੇਜ ਸਿੰਘ ਚੱਠਾ ਬਲਾਕ ਪ੍ਰਧਾਨ ਮਮਦੋਟ, ਬਲਾਕ ਪ੍ਰਧਾਨ ਸ਼ਹਿਰੀ ਰਣਜੀਤ ਸਿੰਘ, ਬਲਾਕ ਪ੍ਰਧਾਨ ਗੁਰੂਹਰਸਹਾਏ ਗੁਰਮੁੱਖ ਸਿੰਘ ਭੁੱਲਰ, ਬਲਾਕ ਪ੍ਰਧਾਨ ਘੱਲਖੁਰਦ ਸੁਖਜੀਤ ਸਿੰਘ ਅਤੇ ਬਲਾਕ ਪ੍ਰਧਾਨ ਮੱਲਾਂਵਾਲਾ ਤੋਂ ਮਲਕੀਤ ਸਿੰਘ ਦੱਸਿਆ ਕਿ ਇਕ ਪਿੰਡਾਂ ਵਿਚ ਲਗਾਤਾਰ ਪ੍ਰੀਪੇਡ ਮੀਟਰਾਂ ਦੇ ਨਾਲ ਚਿੱਪ ਵਾਲੇ ਮੀਟਰ ਵੀ ਲਗਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਵਿਚ ਹਫ਼ੜਾ ਦਫ਼ੜੀ ਮਚੀ ਹੋਈ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਪਿਛਲੇ ਕੁੱਝ ਸਮੇਂ ਤੋਂ ਲਗਾਤਾਰ ਪਿੰਡਾਂ ਵਿਚੋਂ ਚਿੱਪ ਵਾਲੇ ਮੀਟਰ ਉਤਾਰ ਕੇ ਬਿਜਲੀ ਬੋਰਡ ਨੂੰ ਵਾਪਸ ਦੇ ਰਹੀ ਹੈ | ਉਨ੍ਹਾਂ ਦੱਸਿਆ ਕਿ ਘਰਾਂ ਵਿਚਲੀ 24 ਘੰਟੇ ਲਾਈਟ ਵੀ ਨਾ ਮਾਤਰ ਦਿੱਤੀ ਜਾ ਰਹੀ ਹੈ, ਜਿਸ ਕਾਰਨ ਲੋਕ ਤੰਗ ਤੇ ਪ੍ਰੇਸ਼ਾਨ ਹਨ ਜਿਸ ਕਰਕੇ ਪਸ਼ੂ ਪਾਲਨ ਵਾਲੇ ਕਿਸਾਨਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਆਗੂਆਂ ਨੇ ਅੱਗੇ ਦੱਸਿਆ ਕਿ ਘੱਟ ਮਿਲ ਰਹੀ ਬਿਜਲੀ ਦੀ ਸਪਲਾਈ ਕਰਕੇ ਝੋਨੇ ਸੁੱਕਣੇ ਸ਼ੁਰੂ ਹੋ ਗਏ ਤੇ ਕਈ ਥਾਵਾਂ 'ਤੇ ਝੋਨੇ ਦੀ ਸ਼ੁਰੂਆਤ ਵੀ ਨਹੀਂ ਹੋ ਸਕੀ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਮੋਟਰਾਂ ਵਾਲੀ ਆ ਰਹੀ ਲਾਈਟ ਨੂੰ ਲਗਾਤਾਰ ਕੱਟ ਲਗਾਏ ਜਾ ਰਹੇ ਹਨ, ਜਿਸ ਕਰਕੇ ਜ਼ਮੀਨ ਵਿਚ ਤਰੇੜਾਂ ਪੈ ਗਈਆਂ ਹਨ ਅਤੇ ਕਈ ਜਗ੍ਹਾ ਤੇ ਝੋਨੇ ਦੀ ਬਿਜਾਈ ਦੁਬਾਰਾ ਕਰਨ ਲਈ ਕਿਸਾਨ ਮਜਬੂਰ ਹਨ | ਇਸ ਮੌਕੇ ਨਿਸ਼ਾਨ ਸਿੰਘ ਚੰਗਾਲੀ ਜ਼ਿਲ੍ਹਾ ਸਲਾਹਕਾਰ, ਜੱਜ ਸਿੰਘ ਪੀਰ ਕੇ ਖਾਨਗੜ੍ਹ, ਸਰਜੀਤ ਸਿੰਘ ਕਿਲੀ, ਬਲਵਿੰਦਰ ਸਿੰਘ ਅਤੇ ਪਿਆਰਾ ਸਿੰਘ ਆਦਿ ਹਾਜ਼ਰ ਸਨ |