ਜ਼ੀਰਾ, 22 ਜੂਨ (ਰਜਨੀਸ਼ ਕਥੂਰੀਆ)- ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਜ਼ੀਰਾ ਚਮਕੌਰ ਸਿੰਘ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ | ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਕਿਰਨਪਾਲ ਸਿੰਘ ਸੋਢੀਵਾਲਾ, ਹਰਦਿਆਲ ਸਿੰਘ ਅਲੀਪੁਰ, ਨੰਬਰਦਾਰ ਨਵਦੀਪ ਸਿੰਘ ਕਾਲਾ ਆਦਿ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੇ ਕਰੀਬ ਇਕ ਸਾਲ ਤੋਂ ਪਿੰਡ ਸੋਢੀ ਵਾਲਾ ਵਿਖੇ ਮਨਰੇਗਾ ਦੀ ਮੇਟ ਤੇ ਸਰਪੰਚ ਵਲੋਂ ਆਪਸ ਵਿਚ ਕਥਿਤ ਮਿਲੀਭੁਗਤ ਕਰਕੇ ਮਨਰੇਗਾ ਸਕੀਮ ਤਹਿਤ ਹੱਕਦਾਰ ਮਜ਼ਦੂਰਾਂ ਨੂੰ ਕੰਮ ਦੇਣ ਦੇ ਮਾਮਲੇ 'ਚ ਤਾਨਾਸ਼ਾਹੀ ਨੀਤੀ ਅਪਣਾਈ ਹੋਈ ਹੈ | ਉਨ੍ਹਾਂ ਦੋਸ਼ ਲਗਾਉਂਦਿਆਂ ਦੱਸਿਆ ਕਿ ਪਿੰਡ ਦੇ ਜਿਹੜੇ ਹੱਕਦਾਰ ਮਜ਼ਦੂਰ ਹਨ ਉਨ੍ਹਾਂ ਨੂੰ ਮਨਰੇਗਾ ਸਕੀਮ ਦੇ ਤਹਿਤ ਰੋਜ਼ਗਾਰ ਦੇਣ ਦੀ ਬਜਾਏ ਆਪਣੇ-ਆਪਣੇ ਘਰਾਂ ਵਿਚ ਬੈਠੇ ਸਰਪੰਚ ਦੇ ਚਹੇਤਿਆਂ ਦੀਆਂ ਮਨਰੇਗਾ ਸਕੀਮ ਦੇ ਤਹਿਤ ਫੇਕ ਹਾਜ਼ਰੀਆਂ ਲਗਾ ਕੇ ਉਨ੍ਹਾਂ ਦੇ ਖਾਤਿਆਂ 'ਚ ਮਨਰੇਗਾ ਦੀ ਮਜ਼ਦੂਰੀ ਦੇ ਪੈਸੇ ਪਾਏ ਜਾ ਰਹੇ ਹਨ | ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਬੰਧ ਵਿਚ ਉਨ੍ਹਾਂ ਨੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਪਰ ਮਾਮਲਾ ਸੱਤਾਧਾਰੀ ਧਿਰ ਦੇ ਨਾਲ ਸਬੰਧਿਤ ਹੋਣ ਕਰਕੇ ਕਿਸੇ ਤਰ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ | ਕਿਸਾਨ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦੇ ਕਈ ਮਜ਼ਦੂਰਾਂ ਤੋਂ ਮਨਰੇਗਾ ਸਕੀਮ ਦੇ ਤਹਿਤ ਦਿਹਾੜੀਆਂ ਤਾਂ ਲਗਵਾਈਆਂ ਗਈਆਂ ਹਨ ਪਰ ਆਧਾਰ ਕਾਰਡ ਅੱਪਡੇਟ ਨਾ ਹੋਣ ਦਾ ਬਹਾਨਾ ਬਣਾ ਕੇ ਮੇਟ ਵਲੋਂ ਉਨ੍ਹਾਂ ਦੇ ਖਾਤਿਆਂ 'ਚ ਬਣਦਾ ਮਿਹਨਤਾਨਾ ਨਹੀਂ ਪਾਇਆ ਗਿਆ | ਕਿਸਾਨ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਸੋਢੀਵਾਲਾ ਦੇ ਮਨਰੇਗਾ ਮਜ਼ਦੂਰਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਜਲਦੀ ਹੀ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਅੱਗੇ ਧਰਨਾ ਲਗਾਉਣ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ | ਮੀਟਿੰਗ 'ਚ ਹਰਦਿਆਲ ਸਿੰਘ ਅਲੀਪੁਰ ਮੀਤ ਪ੍ਰਧਾਨ ਪੰਜਾਬ, ਕਿਰਨਪਾਲ ਸਿੰਘ ਸੋਢੀਵਾਲਾ ਮੀਤ ਪ੍ਰਧਾਨ ਪੰਜਾਬ, ਚਮਕੌਰ ਸਿੰਘ ਬਲਾਕ ਪ੍ਰਧਾਨ ਜ਼ੀਰਾ, ਸਲਵਿੰਦਰ ਸਿੰਘ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਜ਼ੀਰਾ ਪੈੱ੍ਰਸ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ, ਪਲਵਿੰਦਰ ਸਿੰਘ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਬਲਵਿੰਦਰ ਸਿੰਘ ਮਰਖਾਈ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾਕਟਰ ਸਰਵਨ ਸਿੰਘ ਅਲੀਪੁਰ ਬਲਾਕ ਪ੍ਰਧਾਨ ਮੱਲਾਂਵਾਲਾ, ਸਲਵਿੰਦਰ ਸਿੰਘ ਭਾਗੋਕੇ ਮੀਤ ਪ੍ਰਧਾਨ ਬਲਾਕ ਮੱਲਾਂਵਾਲਾ, ਗੁਰਪ੍ਰਤਾਪ ਸਿੰਘ ਅਲੀਪੁਰ ਜਨਰਲ ਸਕੱਤਰ ਬਲਾਕ ਮੱਲਾਂਵਾਲਾ, ਗੁਰਤੇਜ ਸਿੰਘ, ਜਗਤਾਰ ਸਿੰਘ, ਸੁਰਜੀਤ ਸਿੰਘ ਚੋਹਲਾ, ਕਰਮਜੀਤ ਸਿੰਘ ਚੋਹਲਾ ਤੇ ਗੁਰਭੇਜ ਸਿੰਘ ਚੋਹਲਾ ਆਦਿ ਹਾਜ਼ਰ ਸਨ |