ਮੁੱਦਕੀ, 21 ਸਤੰਬਰ (ਭਾਰਤ ਭੂਸ਼ਨ ਅਗਰਵਾਲ)- ਅੰਤਰਰਾਸ਼ਟਰੀ ਬਾਜ਼ਾਰ 'ਚ ਘਟੀਆਂ ਕੱਚੇ ਤੇਲ ਦੀਆਂ ਕੀਮਤਾਂ ਨੂੰ ਦੇਖਦਿਆਂ ਭਾਰਤ ਸਰਕਾਰ ਵਲੋਂ ਵੀ ਤੇਲ ਦੀਆਂ ਕੀਮਤਾਂ ਘਟਾਉਣੀਆਂ ਚਾਹੀਦੀਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਜ਼ਿਲ੍ਹਾ ਮਹਿਲਾ ਵਿੰਗ ਪ੍ਰਧਾਨ ਸਰਬਜੀਤ ਕੌਰ ਬਰਾੜ ਐਮ.ਸੀ. ਮੁੱਦਕੀ, ਸੁਖਚੈਨ ਸਿੰਘ ਖੋਸਾ ਸਾਬਕਾ ਐਮ.ਸੀ., ਸੁਖਦੀਪ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਬਰਾੜ ਮਿਰਜੇ ਕੇ, ਰਣਜੀਤ ਸਿੰਘ ਰਾਣਾ ਗਿੱਲ, ਪਰਮਜੀਤ ਸਿੰਘ ਬਰਾੜ ਤੇ ਗੁਰਲਿਆਕਤ ਸਿੰਘ ਬਰਾੜ ਨੇ ਕਿਹਾ ਕਿ ਭਾਰਤ ਦੇਸ਼ ਵਰਗੇ ਵਿਕਾਸਸ਼ੀਲ ਦੇਸ਼ ਵਿਚ ਜਦੋਂ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਇਸ ਦਾ ਅਸਰ ਸਿਰਫ਼ ਵਾਹਨ ਚਲਾਉਣ ਵਾਲਿਆਂ ਨੂੰ ਹੀ ਨਹੀਂ, ਬਲਕਿ ਪੂਰੇ ਆਰਥਿਕ ਢਾਂਚੇ ਨੂੰ ਝੰਜੋੜ ਕੇ ਰੱਖ ਦਿੰਦਾ ਹੈ | ਟਰੱਕ ਤੋਂ ਲੈ ਕੇ ਬੱਸ, ਆਟੋ, ਟਰੈਕਟਰ ਆਦਿ ਵਾਹਨਾਂ ਲਈ ਵਰਤਿਆ ਜਾਂਦਾ ਤੇਲ ਜਦੋਂ ਵੀ ਇਨ੍ਹਾਂ ਦੀਆਂ ਕੀਮਤਾਂ 'ਚ ਉਛਾਲ ਆਉਂਦਾ ਹੈ ਤਾਂ ਹਰ ਘਰੇਲੂ ਵਸਤੂ ਤੋਂ ਲੈ ਕੇ ਹਰੇਕ ਚੀਜ਼ ਤੇ ਸਫ਼ਰ ਮਹਿੰਗਾ ਹੋ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ ਤਾਂ ਫਿਰ ਸਰਕਾਰ ਦੇਸ਼ ਅੰਦਰ ਇਨ੍ਹਾਂ ਤੇਲ ਕੀਮਤਾਂ ਨੂੰ ਕਿਉਂ ਨਹੀਂ ਘਟਾ ਰਹੀ? ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਨੇ ਤਾਂ ਪਹਿਲਾਂ ਹੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਤੇ ਹਰੇਕ ਚੀਜ਼ ਮਹਿੰਗੀ ਮਿਲ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਘਟੀਆਂ ਕੀਮਤਾਂ ਨੂੰ ਲਾਗੂ ਕਰਕੇ ਲੋਕਾਂ ਨੂੰ ਕੁੱਝ ਰਾਹਤ ਪ੍ਰਦਾਨ ਕਰੇ |