05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਸਾਬਕਾ ਫੌਜੀ ਵਲੋਂ ਆਪਣੇ ਪਿੰਡ ਦੇ ਹੀ ਵਿਅਕਤੀ ਉੱਤੇ ਗੰਭੀਰ ਦੋਸ਼ ਪ੍ਰਸ਼ਾਸਨ ਤੋਂ ਕੀਤੀ ਇਨਸਾਫ਼ ਦੀ ਮੰਗ

ਅਜੀਤ ਡੈਸਕ 22-09-2025
ਮੱਖੂ, 21 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਪਿੰਡ ਸਰਹਾਲੀ, ਬਲਾਕ ਮੱਖੂ ਦੇ ਸਾਬਕਾ ਫੌਜੀ ਹਰਪ੍ਰੀਤ ਸਿੰਘ ਸਪੁੱਤਰ ਦਰਸ਼ਨ ਸਿੰਘ ਨੇ ਆਪਣੇ ਹੀ ਪਿੰਡ ਦੇ ਵਾਸੀ ਜੁਗਰਾਜ ਸਿੰਘ ਪੁੱਤਰ ਗੁਰਚਰਨ ਸਿੰਘ ਉੱਤੇ ਗੰਭੀਰ ਦੋਸ਼ ਲਗਾਏ ਹਨ | ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜੁਗਰਾਜ ਸਿੰਘ ਨੇ ਨਾਇਬ ਤਹਿਸੀਲਦਾਰ, ਪਟਵਾਰੀ ਤੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਜ਼ਮੀਨ ਦੇ ਸੌਦੇ ਵਿਚ ਗੁਮਰਾਹ ਕੀਤਾ ਹੈ | ਹਰਪ੍ਰੀਤ ਸਿੰਘ ਨੇ ਦੱਸਿਆ ਕਿ 16 ਅਗਸਤ 2024 ਨੂੰ ਜ਼ੀਰਾ ਤਹਿਸੀਲ ਦੇ ਪੀਰ ਮੁਹੰਮਦ ਵਿਚ 19 ਕੁਨਾਲ 19 ਮਰਲੇ 8 ਸਰਸਾਈ ਰਕਬੇ ਦੀ ਖ਼ਰੀਦਦਾਰੀ ਲਈ ਪ੍ਰੋਪਰਟੀ ਡੀਲਰਾਂ ਰਾਹੀਂ ਸੌਦਾ ਕੀਤਾ ਗਿਆ ਸੀ | 2 ਸਤੰਬਰ 2024 ਨੂੰ ਉਸ ਨੇ ਆੜ੍ਹਤੀਏ ਦੇ ਹਿੱਸੇ ਵਾਲੇ ਰਕਬੇ ਦੀ ਰਜਿਸਟਰੀ ਤਾਂ ਕਰਵਾ ਲਈ ਪਰ ਜੁਗਰਾਜ ਸਿੰਘ ਦੇ ਖਸਰਾ ਨੰਬਰ ਉੱਤੇ ਕਰਜ਼ਾ ਹੋਣ ਕਰਕੇ ਉਸਦੀ ਰਜਿਸਟਰੀ ਨਹੀਂ ਹੋ ਸਕੀ | ਸਾਬਕਾ ਫੌਜੀ ਦੇ ਅਨੁਸਾਰ, ਜੁਗਰਾਜ ਸਿੰਘ ਨੇ ਸੁਰੱਖਿਆ ਵਜੋਂ ਦੋ ਖ਼ਾਲੀ ਚੈੱਕਾਂ ਦੀ ਮੰਗ ਕੀਤੀ, ਜੋ ਉਸਨੇ ਪ੍ਰੋਪਰਟੀ ਡੀਲਰ ਰਾਹੀਂ ਮੁਹੱਈਆ ਕਰਵਾ ਦਿੱਤੇ | ਬਾਅਦ ਵਿਚ ਜਦੋਂ ਕਰਜ਼ਾ ਕਲੀਅਰ ਨਾ ਹੋਇਆ ਤਾਂ ਉਸਨੇ ਜੁਗਰਾਜ ਸਿੰਘ ਨੂੰ ਰਜਿਸਟਰੀ ਤੋਂ ਮਨਾਂ ਕਰ ਦਿੱਤਾ | ਪਰ ਪ੍ਰੋਪਰਟੀ ਡੀਲਰਾਂ ਨੇ ਉਸਨੂੰ ਭਰੋਸਾ ਦਿਵਾਇਆ ਕਿ ਹੋਰ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਜਾਵੇਗੀ ਤੇ ਬੈਂਕ ਤੋਂ 30 ਲੱਖ ਦਾ ਕਰਜ਼ਾ ਵੀ ਪ੍ਰਾਪਤ ਕਰਵਾ ਦਿੱਤਾ ਜਾਵੇਗਾ | ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਜੁਗਰਾਜ ਸਿੰਘ ਨੇ ਉਸਦੇ ਖ਼ਾਲੀ ਚੈੱਕਾਂ ਰਾਹੀਂ ਫ਼ਸਲ ਵੇਚਣ 'ਤੇ ਜੇ-ਫਾਰਮ ਬਣਵਾ ਕੇ ਖਾਤੇ ਵਿਚ ਪੈਸੇ ਪਾਉਣ ਦੀ ਗੱਲ ਕੀਤੀ ਸੀ ਪਰ ਬੈਂਕ ਵਲੋਂ 30 ਲੱਖ ਦੀ ਬਜਾਏ ਸਿਰਫ਼ 18 ਲੱਖ ਦਾ ਕਰਜ਼ਾ ਪਾਸ ਹੋਇਆ, ਜਿਸ ਕਾਰਨ ਉਸਨੇ ਕਰਜ਼ਾ ਲੈਣ ਤੋਂ ਮਨ੍ਹਾ ਕਰ ਦਿੱਤਾ | ਇਸ ਤੋਂ ਬਾਅਦ, ਉਸਦੇ ਅਨੁਸਾਰ, ਜੁਗਰਾਜ ਸਿੰਘ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਜ਼ਮੀਨ ਨਾ ਖ਼ਰੀਦੀ ਤਾਂ ਉਹ ਉਸਦੀ ਹੋਰ ਜ਼ਮੀਨ ਵੀ ਵਾਹ ਲਵੇਗਾ | ਸਾਬਕਾ ਫੌਜੀ ਨੇ ਕਿਹਾ ਕਿ ਭਰੋਸੇ 'ਚ ਆ ਕੇ ਉਸ ਨੇ ਜੁਗਰਾਜ ਸਿੰਘ ਤੋਂ ਰਜਿਸਟਰੀ ਕਰਵਾ ਲਈ ਪਰ ਜਦੋਂ ਆਪਣੇ ਖ਼ਾਲੀ ਚੈੱਕਾਂ ਵਾਪਸ ਮੰਗੇ ਤਾਂ ਜੁਗਰਾਜ ਸਿੰਘ ਨੇ ਕਿਹਾ ਕਿ ਚੈੱਕ ਗੁਆਚ ਗਏ ਹਨ | ਹਾਲਾਂਕਿ ਉਸਨੇ ਲਿਖਤੀ ਰੂਪ ਵਿਚ ਇਹ ਵੀ ਦਿੱਤਾ ਕਿ ਜੇ ਚੈੱਕ ਲੱਭ ਗਏ ਤਾਂ ਵਾਪਸ ਕਰ ਦੇਵੇਗਾ ਅਤੇ ਉਨ੍ਹਾਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਜਾਵੇਗੀ ਪਰ ਹੁਣ, ਹਰਪ੍ਰੀਤ ਸਿੰਘ ਦੇ ਅਨੁਸਾਰ, ਉਨ੍ਹਾਂ ਚੈੱਕਾਂ ਵਿਚੋਂ ਇਕ ਚੈੱਕ ਇਕ ਅਜਿਹੇ ਵਿਅਕਤੀ ਵਲੋਂ ਬੈਂਕ ਵਿਚ ਲਾ ਦਿੱਤਾ ਗਿਆ ਹੈ ਜਿਸ ਨੂੰ ਉਹ ਜਾਣਦੇ ਵੀ ਨਹੀਂ | ਇਸ ਨਾਲ ਉਹ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਹਰਪ੍ਰੀਤ ਸਿੰਘ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲ ਅਪੀਲ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਜੁਗਰਾਜ ਸਿੰਘ ਸਮੇਤ ਸ਼ਾਮਲ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ | ਉਸਦਾ ਕਹਿਣਾ ਹੈ ਕਿ ਜੇਕਰ ਉਹ ਇਕ ਪੜਿ੍ਹਆ-ਲਿਖਿਆ ਇਨਸਾਨ ਜਮ੍ਹਾਂਬੰਦੀ ਵਿਚ ਦਰਜ ਕਰਜ਼ੇ ਨੂੰ ਨਹੀਂ ਪੜ੍ਹ ਸਕਿਆ ਤਾਂ ਇਹ ਜਾਣਕਾਰੀ ਸਕੂਲਾਂ ਵਿਚ ਵੀ ਵਿਦਿਆਰਥੀਆਂ ਨੂੰ ਲਾਜ਼ਮੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਖੱਜਲ-ਖਰਾਬ ਨਾ ਹੋਵੇ | ਜਦੋਂ ਇਸ ਸੰਬੰਧ 'ਚ ਜੁਗਰਾਜ ਸਿੰਘ ਸਰਹਾਲੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਹਰੇਕ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ | ਉਨ੍ਹਾਂ ਨੇ ਕਿਹਾ ਕਿ ਸਾਬਕਾ ਫੌਜੀ ਵਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ |
ਪਿਛਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਯੂਰੀਆ ਤੇ ਡੀ.ਏ.ਪੀ. ਖਾਦ ਦੀ ਕਿੱਲਤ ਨੂੰ ਦੂਰ ਕਰੇ ਸਰਕਾਰ-ਸੁਰਿੰਦਰ ਸਿੰਘ ਜੌੜਾ <br/>... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜੇਗਾ-ਮੌਂਟੂ ਵੋਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।