ਚੰਡੀਗੜ੍ਹ, 5 ਅਕਤੂਬਰ- ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਅੱਜ ਇਕ ਵਾਰ ਫਿਰ ਪੰਜਾਬ ਵਿਚ 16 ਸਾਲ ਪੁਰਾਣੇ, ਬਹੁਤ ਹੀ ਵਿਵਾਦਪੂਰਨ ₹6,000 ਕਰੋੜ ਦੇ ਡਰੱਗ ਤਸਕਰੀ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰੇਗੀ। ਪੁੱਛਗਿੱਛ ਚੰਡੀਗੜ੍ਹ ਵਿਚ ਹੋਵੇਗੀ।
ਬਰਖ਼ਾਸਤ ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਨੂੰ ਵੀ ਇਸ ਮਾਮਲੇ ਵਿਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ SIT ਦੋਵਾਂ ਤੋਂ ਇਕੱਠੇ ਪੁੱਛਗਿੱਛ ਕਰ ਸਕਦੀ ਹੈ। ਸਿੱਟ ਦੀ ਜਾਂਚ ਪਿਛਲੇ ਬਿਆਨਾਂ, ਡਰੱਗ ਨੈੱਟਵਰਕ ਨਾਲ ਸੰਬੰਧਿਤ ਕਥਿਤ ਵਿੱਤੀ ਲੈਣ-ਦੇਣ ਅਤੇ ਮਾਮਲੇ ਨਾਲ ਸੰਬੰਧਾਂ ਦੀ ਜਾਂਚ ਕਰ ਰਹੀ ਹੈ।
ਇਹ ਕੇਸ ਲਗਭਗ 13 ਸਾਲ ਪੁਰਾਣਾ ਹੈ। ਨਵੰਬਰ 2013 ਵਿਚ ਪੰਜਾਬ ਪੁਲਿਸ ਨੇ ਡਰੱਗ ਰੈਕੇਟ ਦੇ ਸੰਬੰਧ ਵਿਚ ਸਾਬਕਾ ਪਹਿਲਵਾਨ ਅਤੇ ਤਤਕਾਲੀ ਡੀ.ਐਸ.ਪੀ. ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫਤਾਰ ਕੀਤਾ ਸੀ। ਉਸ ਦੇ ਘਰ ਤੋਂ ਲਗਭਗ ₹20 ਕਰੋੜ ਦੇ ਡਰੱਗਜ਼ ਬਰਾਮਦ ਕੀਤੇ ਗਏ ਸਨ। ਬਾਅਦ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਜਾਂਚ ਵਿਚ ਇਸ ਡਰੱਗ ਅਤੇ ਮਨੀ ਲਾਂਡਰਿੰਗ ਨੈੱਟਵਰਕ ਦਾ ਕਥਿਤ ਟਰਨਓਵਰ ਲਗਭਗ ₹6,000 ਕਰੋੜ ਹੋਣ ਦਾ ਖੁਲਾਸਾ ਹੋਇਆ।
ਜਾਂਚ ਦੌਰਾਨ 2014 ਵਿਚ ਜਦੋਂ ਸੂਬੇ ਵਿਚ ਅਕਾਲੀ ਦਲ-ਭਾਜਪਾ ਸਰਕਾਰ ਸੱਤਾ ਵਿਚ ਸੀ, ਜਗਦੀਸ਼ ਭੋਲਾ ਨੂੰ ਮੋਹਾਲੀ ਦੀ ਇਕ ਅਦਾਲਤ ਵਿਚ ਸੁਣਵਾਈ ਲਈ ਲਿਆਂਦਾ ਗਿਆ ਸੀ। ਅਦਾਲਤ ਦੇ ਬਾਹਰ ਜਗਦੀਸ਼ ਭੋਲਾ ਨੇ ਸਭ ਤੋਂ ਪਹਿਲਾਂ ਡਰੱਗ ਰੈਕੇਟ ਦੇ ਸੰਬੰਧ ਵਿਚ ਬਿਕਰਮ ਮਜੀਠੀਆ ਦਾ ਨਾਮ ਲਿਆ ਸੀ, ਜਿਸ ਨੇ ਸੂਬੇ ਦੀ ਰਾਜਨੀਤੀ ਨੂੰ ਗਰਮਾ ਦਿੱਤਾ। ਉਸ ਸਮੇਂ ਇਨ੍ਹਾਂ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਗਈ ਸੀ, ਪਰ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਮਜੀਠੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ। ਬਾਅਦ ਵਿਚ ਈ.ਡੀ. ਨੇ ਇਸ ਮਾਮਲੇ ਵਿਚ ਮਜੀਠੀਆ ਤੋਂ ਵੀ ਪੁੱਛਗਿੱਛ ਕੀਤੀ।