ਅਬੋਹਰ, 21 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ) - ਵਿਧਾਨ ਸਭਾ ਹਲਕਾ ਬੱਲੂਆਣਾ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਬੀਬੀ ਰਾਜਿੰਦਰ ਕੌਰ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕਰਦੇ ਹੋਏ ਉਨ੍ਹਾਂ ਨੂੰ ਬੱਲੂਆਣਾ ਹਲਕੇ ਵਿਚ ਲਗਾਤਾਰ ਵੱਧ ਰਹੀ ਸੇਮ ਦੀ ਸਮੱਸਿਆ ਤੋਂ ਜਾਣੂ ਕਰਵਾਇਆ | ਬੀਬੀ ਰਾਜਿੰਦਰ ਕੌਰ ਨੇ ਕਿਹਾ ਕਿ ਬੱਲੂਆਣਾ ਹਲਕੇ ਦੇ ਕਈ ਪਿੰਡਾਂ 'ਚ ਮੀਂਹ ਦੇ ਪਾਣੀ ਦੀ ਨਿਕਾਸੀ ਹਾਲੇ ਤੱਕ ਪ੍ਰਸ਼ਾਸਨ ਕਰਵਾਉਣ ਵਿਚ ਅਸਫਲ ਸਾਬਤ ਹੋਇਆ ਹੈ ਜਦ ਕਿ ਪੰਜਾਬ ਕਾਂਗਰਸ ਵਲੋਂ ਆਪਣੇ ਪੱਧਰ 'ਤੇ ਮੀਂਹ ਪ੍ਰਭਾਵਿਤ ਪਿੰਡ ਵਾਸੀਆਂ ਦੀ ਮਦਦ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਬੱਲੂਆਣਾ ਹਲਕੇ ਵਿਚ ਸੇਮ ਕਾਰਨ ਵੀ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਜਿਸ ਕਾਰਨ ਬਾਗ਼ਬਾਨਾਂ ਦੇ ਇਲਾਕੇ ਨਾਲ ਮਸ਼ਹੂਰ ਖੇਤਰ ਵਿਚ ਬਾਗ਼ਬਾਨਾਂ ਨੂੰ ਲਗਾਤਾਰ ਆਪਣੇ ਬਾਗ਼ ਪੁੱਟਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਲਈ ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ 'ਚ ਸੇਮ ਦੀ ਸਮੱਸਿਆ ਦੇ ਹੱਲ ਲਈ ਆਵਾਜ਼ ਬੁਲੰਦ ਕਰਨ ਦੀ ਅਪੀਲ ਵੀ ਕੀਤੀ | ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਬੀ ਰਾਜਿੰਦਰ ਕੌਰ ਨੂੰ ਥਾਪੜਾ ਦਿੰਦੇ ਹੋਏ ਬੱਲੂਆਣਾ ਹਲਕੇ ਵਿਚ ਹੋਰ ਮਿਹਨਤ ਨਾਲ ਪਾਰਟੀ ਦਾ ਪ੍ਰਚਾਰ ਤੇ ਵਰਕਰਾਂ ਨੂੰ ਆਗਾਮੀ ਚੋਣਾਂ ਲਈ ਲਾਮਬੰਦ ਕਰਨ ਦੀ ਤਾਕੀਦ ਵੀ ਕੀਤੀ |