ਫ਼ਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਫਿਰੋਜ਼ਪੁਰ ਪੁਲਿਸ ਨੇ 50 ਲੱਖ ਦੀ ਫਿਰੌਤੀ ਦੀ ਮੰਗ ਪੂਰੀ ਨਾ ਹੋਣ 'ਤੇ ਇਕ ਵਿਅਕਤੀ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਦੋਸ਼ੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਦੇਸੀ ਪਿਸਤੌਲ ਸਮੇਤ 2 ਰੌਂਦ ਜਿੰਦਾ, ਮੋਟਰ ਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ | ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਕਪਤਾਨ ਪੁਲਿਸ (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ 18 ਸਤੰਬਰ ਨੂੰ ਨਾ-ਮਾਲੂਮ ਵਿਅਕਤੀਆਂ ਵਲੋਂ ਜਸ਼ਨਦੀਪ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਬੱਧਨੀ ਗੁਲਾਬ ਸਿੰਘ ਪਾਸੋਂ 50 ਲੱਖ ਦੀ ਫਿਰੌਤੀ ਮੰਗੀ ਗਈ ਸੀ | ਮੁੱਦਈ ਵਲੋਂ ਫਿਰੌਤੀ ਦੀ ਰਕਮ ਦੇਣ ਤੋਂ ਨਾਂਹ ਕਰਨ 'ਤੇ ਦੋਸ਼ੀਆਂ ਵਲੋਂ 10 ਅਕਤੂਬਰ ਦੇਰ ਰਾਤ ਨੂੰ ਉਸ ਦੇ ਘਰ ਦੇ ਬਾਹਰ 2 ਫਾਇਰ ਕੀਤੇ ਗਏ ਸਨ, ਜਿਸ ਸਬੰਧੀ ਥਾਣਾ ਘੱਲ ਖੁਰਦ ਵਿਖੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਧਾਰਾ ਮੁਕੱਦਮਾ ਦਰਜ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਭੁਪਿੰਦਰ ਸਿੰਘ ਸਿੱਧੂ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਕਤ ਦਰਜ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਤਰਸੇਮ ਸਿੰਘ ਉਰਫ਼ ਸਾਬਾ ਪੁੱਤਰ ਜਗਤਾਰ ਸਿੰਘ ਵਾਸੀ ਬੰਡਾਲਾ ਥਾਣਾ ਆਰਿਫ਼ ਕੇ ਅਤੇ ਲਵਦੀਪ ਸਿੰਘ ਉਰਫ਼ ਲਵਲੀ ਪੁੱਤਰ ਨਿਰਮਲ ਸਿੰਘ ਵਾਸੀ ਬੱਧਨੀ ਗੁਲਾਬ ਸਿੰਘ, ਥਾਣਾ ਘੱਲ ਖ਼ੁਰਦ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤਿਆ ਗਿਆ ਅਸਲਾ ਦੇਸੀ ਪਿਸਤੌਲ, ਸਮੇਤ 2 ਰੋਂਦ ਜਿੰਦਾ, ਮੋਟਰ ਸਾਈਕਲ ਪਲਸਰ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ 'ਚੋਂ ਤਰਸੇਮ ਸਿੰਘ ਉਰਫ਼ ਸਾਬਾ ਖ਼ਿਲਾਫ਼ ਥਾਣਾ ਸਦਰ ਫਿਰੋਜ਼ਪੁਰ ਤੇ ਲਵਦੀਪ ਸਿੰਘ ਲਵਲੀ ਖ਼ਿਲਾਫ਼ ਥਾਣਾ ਘੱਲ ਖ਼ੁਰਦ ਵਿਖੇ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਹੋਰ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ | ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਦਿਹਾਤੀ ਕਰਨ ਸ਼ਰਮਾ ਤੇ ਥਾਣਾ ਮੁਖੀ ਸਬ ਇੰਸਪੈਕਟਰ ਤਰਸੇਮ ਸ਼ਰਮਾ ਵੀ ਮੌਜੂਦ ਸਨ |