ਫਿਰੋਜ਼ਪੁਰ, 16 ਅਕਤੂਬਰ (ਸੁਖਵਿੰਦਰ ਸਿੰਘ)- ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿਕੀ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਕੈਸ਼ੀਅਰ ਰਮਨਦੀਪ ਸਿੰਘ, ਬਲਜੀਤ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ ਅਤੇ ਜੋਧ ਸਿੰਘ ਨੇ ਕਿਹਾ ਕਿ ਪਨਬਸ ਤੇ ਪੀ.ਆਰ.ਟੀ.ਸੀ. ਵਿਭਾਗਾਂ ਵਿਚ ਸਰਕਾਰ ਵਲੋਂ ਵੱਖ-ਵੱਖ ਕੈਟਾਗਰੀਆਂ ਨੂੰ ਮੁਫ਼ਤ ਸਫ਼ਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਇਸ ਕਾਰਨ ਵਿਭਾਗਾਂ ਦੇ ਕਰੋੜਾਂ ਰੁਪਏ ਸਰਕਾਰ ਕੋਲ ਪੈਡਿੰਗ ਪਏ ਹਨ | ਉਨ੍ਹਾਂ ਦੱਸਿਆ ਕਿ ਪਨਬਸ ਦੇ ਲਗਭਗ 1200 ਕਰੋੜ ਰੁਪਏ ਤੇ ਪੀ.ਆਰ.ਟੀ.ਸੀ ਦੇ 700 ਕਰੋੜ ਰੁਪਏ ਫ਼ਰੀ ਸਫ਼ਰ ਸਹੂਲਤਾਂ ਦੇ ਬਦਲੇ ਸਰਕਾਰ ਵਲੋਂ ਜਾਰੀ ਨਹੀਂ ਕੀਤੇ ਗਏ | ਇਸ ਕਾਰਨ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖ਼ਾਹਾਂ ਲਈ ਸੰਘਰਸ਼ ਕਰਨਾ ਪੈਂਦਾ ਹੈ | ਹੁਣ ਦੀਵਾਲੀ ਦੇ ਮੌਕੇ 'ਤੇ ਵੀ ਕਰਮਚਾਰੀਆਂ ਨੂੰ ਤਨਖ਼ਾਹਾਂ ਨਹੀਂ ਮਿਲੀਆਂ ਜਿਸ ਨਾਲ ਘਰਾਂ ਵਿਚ ਮਾਇਆ ਦੀ ਕਮੀ ਤੇ ਚਿੰਤਾ ਦਾ ਮਾਹੌਲ ਹੈ | ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 17 ਅਕਤੂਬਰ ਤੱਕ ਤਨਖ਼ਾਹਾਂ ਜਾਰੀ ਨਾ ਕੀਤੀਆਂ ਗਈਆਂ ਤਾਂ 18 ਅਕਤੂਬਰ ਤੋਂ ਪੀ.ਆਰ.ਟੀ.ਸੀ. ਦੇ ਸਾਰੇ ਡਿਪੂ ਬੰਦ ਕੀਤੇ ਜਾਣਗੇ ਤੇ ਚੇਅਰਮੈਨ ਦੇ ਘਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ | ਇਸ ਤੋਂ ਬਾਅਦ ਪਨਬਸ ਦੇ ਡੀਪੂ ਵੀ ਬੰਦ ਕਰਕੇ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ | ਸੂਬਾ ਆਗੂ ਬਲਜਿੰਦਰ ਸਿੰਘ ਬਰਾੜ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਪੰਨੂ, ਰੋਹੀ ਰਾਮ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ, ਰਣਧੀਰ ਸਿੰਘ, ਜਗਦੀਸਵਰ ਚੰਦਰ, ਪਰਮਜੀਤ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ, ਦਲਵਿੰਦਰ ਸਿੰਘ, ਸੁਖਜੀਤ ਸਿੰਘ, ਉਡੀਕ ਚੰਦ ਅਤੇ ਜਲੋਰ ਸਿੰਘ ਨੇ ਕਿਹਾ ਕਿ ਹੁਣ ਪ੍ਰਬੰਧਕ ਮੈਨੇਜਮੈਂਟ ਵਲੋਂ 23 ਅਕਤੂਬਰ ਨੂੰ ਵਾਲਵੋ ਅਤੇ ਐੱਚ.ਵੀ. ਏ.ਸੀ. ਬੱਸਾਂ ਦੇ ਕਿੱਲੋਮੀਟਰ ਸਕੀਮ ਟੈਂਡਰ ਤੇ 17 ਨਵੰਬਰ ਨੂੰ ਸਾਧਾਰਨ ਬੱਸਾਂ ਦੇ ਟੈਂਡਰ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ | ਜੇਕਰ ਇਹ ਟੈਂਡਰ ਰੱਦ ਨਾ ਕੀਤੇ ਗਏ ਤਾਂ 23 ਨੂੰ ਸੂਬਾ ਭਰ ਵਿੱਚ ਜਾਮ ਲਗਾਏ ਜਾਣਗੇ ਤੇ 24 ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ | ਇਸ ਦੌਰਾਨ ਹੋਣ ਵਾਲੀ ਹਰ ਕਿਸਮ ਦੀ ਹਾਲਤ ਲਈ ਜ਼ਿੰਮੇਵਾਰ ਸਰਕਾਰ ਤੇ ਮੈਨੇਜਮੈਂਟ ਹੋਣਗੇ |