ਜ਼ੀਰਾ, 16 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਦੀ ਦਾਣਾ ਮੰਡੀ 'ਚ ਕੰਮ ਕਰਦੀਆਂ ਵੱਖ-ਵੱਖ 31 ਮਜ਼ਦੂਰ ਪਾਰਟੀਆਂ ਨੇ ਮੰਡੀਆਂ 'ਚ ਪੱਲੇਦਾਰੀ ਦਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ, ਫੂਡ ਗਰੇਨ ਐਂਡ ਅਲਾਇਡ ਵਰਕਰਜ਼ ਯੂਨੀਅਨ ਦੇ ਨੁਮਾਇੰਦੇ ਸਮੀਰ ਭੱਟੀ, ਬਾਊ ਰਾਮ, ਬਲਵੀਰ ਸਿੰਘ ਨੇ ਦੱਸਿਆ ਕਿ ਜਿੰਨੀ ਦੇਰ ਤੱਕ ਨਵਾਂ ਠੇਕੇਦਾਰ ਸਾਡੇ ਨਾਲ ਨਵੇਂ ਰੇਟ ਤੈਅ ਇਕਰਾਰ ਨਹੀਂ ਕਰਦਾ ਉਨੀ ਦੇਰ ਤੱਕ ਝੋਨੇ ਦੀ ਲੋਡਿੰਗ ਤੇ ਉਤਰਾਈ ਦਾ ਕੰਮ ਨਹੀਂ ਕੀਤਾ ਜਾਵੇਗਾ | ਉਹਨਾਂ ਦੱਸਿਆ ਕਿ ਦਾਣਾ ਮੰਡੀ ਜ਼ੀਰਾ 'ਚ 400 ਦੇ ਕਰੀਬ ਪੱਲੇਦਾਰ ਕੰਮ ਕਰਦਾ ਹੈ ਤੇ ਪਿਛਲੇ ਚਾਰ ਸਾਲਾਂ ਤੋਂ ਇੱਕੋ ਠੇਕੇਦਾਰ ਵੱਖ-ਵੱਖ ਨਾਵਾਂ 'ਤੇ ਠੇਕੇ ਲੈ ਕੇ ਮਜ਼ਦੂਰਾਂ ਦੀ ਲੁੱਟ ਕਰ ਰਿਹਾ ਹੈ | ਉਕਤ ਠੇਕੇਦਾਰ ਨੇ ਅਜੇ ਤੱਕ ਕਿਸੇ ਵੀ ਪੱਲੇਦਾਰ ਮਜ਼ਦੂਰ ਦਾ ਈ.ਪੀ.ਐੱਫ. ਸਰਕਾਰ ਨੂੰ ਜਮ੍ਹਾਂ ਨਹੀਂ ਕਰਾਇਆ | ਉਨ੍ਹਾਂ ਦੱਸਿਆ ਕਿ ਇਕ ਪੱਲੇਦਾਰ ਦਾ 20 ਹਜ਼ਾਰ ਰੁਪਏ ਸਾਲਾਨਾ ਈੇ.ਪੀ.ਐਫ. ਬਣਦਾ ਹੈ | ਉਨ੍ਹਾਂ ਦੱਸਿਆ ਕਿ ਠੇਕੇਦਾਰ ਰਣਜੀਤ ਸਿੰਘ ਹੁਣ ਤੱਕ ਚਾਰ ਕਰੋੜ ਰੁਪਏ ਖਾ ਚੁੱਕਾ ਹੈ | ਜਦੋਂ ਇਸ ਸੰਬੰਧੀ ਰਣਜੀਤ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਨੀ ਚਾਹੀ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ | ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਆਗੂ ਅਰਮਾਨ, ਹਰਦੇਵ ਸਿੰਘ, ਬਿੰਦਰ ਸਿੰਘ, ਚੰਦ ਸਿੰਘ, ਗੁਰਮੇਜ ਸਿੰਘ, ਸੁਖਦੇਵ ਸਿੰਘ, ਰਣਜੀਤ ਸਿੰਘ ਜੱਗਾ ਸਿੰਘ, ਕੁਲਦੀਪ ਸਿੰਘ, ਸੋਨੂੰ ਮਸੀਹ, ਬਖਸ਼ੀਸ਼ ਸਿੰਘ, ਬਲਕਾਰ ਸਿੰਘ ਗੁਰਸੇਵਕ ਸਿੰਘ, ਪ੍ਰਕਾਸ਼ ਸਿੰਘ, ਮਲਕੀਤ ਸਿੰਘ, ਰਸਾਲ ਸਿੰਘ, ਨਿਰਮਲ ਸਿੰਘ, ਲੱਖਾ ਸਿੰਘ ਆਦਿ ਹਾਜ਼ਰ ਸਨ |