ਫਿਰੋਜ਼ਪੁਰ, 16 ਅਕਤੂਬਰ (ਗੁਰਿੰਦਰ ਸਿੰਘ)- ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਵਲੋਂ ਸਰਹੱਦਾਂ ਦੀ ਰਾਖੀ ਲਈ ਦਿਨ ਰਾਤ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਆਪਣੇ ਖ਼ੁਫ਼ੀਆ ਵਿੰਗ ਨਾਲ ਤਾਲਮੇਲ ਜ਼ਰੀਏ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਡਰੋਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਲਗਾਤਾਰ ਯਤਨਸ਼ੀਲ ਹੈ | ਇਸੇ ਲੜੀ ਤਹਿਤ ਬੀ.ਐੱਸ.ਐੱਫ. ਵਲੋਂ ਡਰੋਨਾਂ ਰਾਹੀਂ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ 7 ਤੋਂ 16 ਅਕਤੂਬਰ ਦੌਰਾਨ ਫਿਰੋਜ਼ਪੁਰ ਸਰਹੱਦੀ ਖੇਤਰ ਤੋਂ 1.523 ਕਿੱਲੋਗਰਾਮ ਹੈਰੋਇਨ, ਇਕ ਪਾਕਿਸਤਾਨੀ ਡਰੋਨ, 2 ਸਵਦੇਸ਼ੀ ਪਿਸਤੌਲ, ਮੈਗਜ਼ੀਨ ਤੇ 2 ਕਾਰਤੂਸ ਬਰਾਮਦ ਕੀਤੇ ਹਨ | ਇਸ ਤੋਂ ਇਲਾਵਾ 6 ਭਾਰਤੀ ਤਸਕਰਾਂ ਨੂੰ ਵੀ ਸਰਹੱਦ ਪਾਰ ਤਸਕਰੀ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਗਿ੍ਫਤਾਰ ਕੀਤਾ ਹੈ | ਬੀ.ਐੱਸ.ਐੱਫ. ਦੇ ਬੁਲਾਰੇ ਨੇ ਦੱਸਿਆ ਕਿ ਜ਼ਬਤ ਕੀਤੇ ਨਸ਼ੀਲੇ ਪਦਾਰਥ ਤੇ ਹਥਿਆਰ ਤੇ ਤਸਕਰਾਂ ਦੀ ਗਿ੍ਫ਼ਤਾਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨਾਂ ਦੀ ਚੌਕਸੀ, ਕੁਸ਼ਲਤਾ ਦੀ ਮਿਸਾਲ ਹੈ | ਇਹ ਸਫਲ ਅਭਿਆਨ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਤੇ ਸਰਹੱਦ ਪਾਰ ਅਪਰਾਧਾਂ, ਖ਼ਾਸ ਤੌਰ 'ਤੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਬੀ.ਐੱਸ.ਐੱਫ. ਦੇ ਦਿ੍ੜ ਇਰਾਦੇ ਨੂੰ ਪ੍ਰਗਟਾਉਂਦੇ ਹਨ |