ਖੋਸਾ ਦਲ ਸਿੰਘ, 16 ਅਕਤੂਬਰ (ਮਨਪ੍ਰੀਤ ਸਿੰਘ ਸੰਧੂ)- ਪਿੰਡ ਭੜਾਣਾ ਵਿਖੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਇਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਗਈ ਜਿਸ ਵਿਚ ਦੁਕਾਨਦਾਰ ਦਾ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਗਿੱਲ ਕਰਿਆਨਾ ਸਟੋਰ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਭੜਾਣਾ (ਫ਼ਿਰੋਜ਼ਪੁਰ) ਨੇ ਦੱਸਿਆ ਕਿ ਅਚਾਨਕ ਸ਼ਾਰਟ ਸਰਕਟ ਕਾਰਨ ਉਸ ਦੀ ਦੁਕਾਨ ਨੂੰ ਲੱਗ ਗਈ ਹੈ ਜਿਸ ਵਿਚ 2 ਲੱਖ ਰੁਪਏ ਕਰਿਆਨੇ ਦਾ ਸਾਮਾਨ, 1 ਪਿ੍ੰਟਰ 10 ਹਜ਼ਾਰ, ਡੀ ਫ਼ਰਿਜ 30 ਤੋਂ 50 ਹਜ਼ਾਰ, ਡੇਅਰੀ ਦਾ ਸਾਮਾਨ 40 ਹਜ਼ਾਰ, ਕੰਡਾ ਮਸ਼ੀਨ 10 ਹਜ਼ਾਰ, ਲੈਪਟਾਪ 30 ਹਜ਼ਾਰ, ਦੁਕਾਨ ਤੇ ਬਾਲਿਆਂ ਵਾਲੀ ਛੱਡ ਕਰੀਬ 50 ਹਜ਼ਾਰ ਰੁਪਏ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ ਹੈ | ਦੁਕਾਨਦਾਰ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਦੁਕਾਨ ਜ਼ਰੀਏ ਉਸ ਦਾ ਘਰ ਚੱਲਦਾ ਸੀ ਜਿਸ ਵਿਚ ਅੱਗ ਲੱਗਣ ਨਾਲ ਉਸ ਦਾ ਕਰੀਬ 5 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ | ਇਸ ਲਈ ਉਸ ਨੂੰ ਸਰਕਾਰੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇ |