ਜ਼ੀਰਾ, 16 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਨਿਊ ਪੈਰਾਡਾਈਜ਼ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਸੰਬੰਧੀ ਕੀਤੇ ਜਾ ਰਹੇ ਪ੍ਰੋਗਰਾਮਾਂ ਵਿਚ ਭਾਗ ਲਿਆ | ਧਾਰਮਿਕ ਪ੍ਰੋਗਰਾਮਾਂ ਦੇ ਟੀਚਰ ਸਤਿੰਦਰ ਸਿੰਘ, ਅਧਿਆਪਕਾ ਕਵਲਜੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ਼ੀਹਨੀ ਸਾਹਿਬ ਪਿੰਡ ਮਿਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਮਾਗਮਾਂ ਸੰਬੰਧੀ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ 'ਚ ਇਲਾਕੇ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਦੌਰਾਨ ਨਿਊ ਪੈਰਾਡਾਈਜ਼ ਸਕੂਲ ਦੀਆਂ ਦਸਵੀਂ ਕਲਾਸ ਦੀਆਂ ਵਿਦਿਆਰਥਣਾਂ ਨਵਨੀਤ ਕੌਰ, ਪਰਵੀਨ ਕੌਰ, ਮਹਿਕਦੀਪ ਕੌਰ ਵਲੋਂ ਕਵਿਤਾ ਦਾ ਉਚਾਰਨ ਕੀਤਾ ਗਿਆ | ਇਸ ਦੌਰਾਨ ਸਵੇਰ ਦੀ ਪ੍ਰਾਰਥਨਾ ਦੌਰਾਨ ਸਕੂਲ ਦੇ ਚੇਅਰਮੈਨ ਲਖਵਿੰਦਰ ਸਿੰਘ ਢਿੱਲੋਂ ਐਮ.ਡੀ. ਮੈਡਮ ਜਸਪ੍ਰੀਤ ਕੌਰ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗੁਰੂ ਜੀ ਦੇ ਜੀਵਨ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਇਸ ਦੌਰਾਨ ਭਗਤ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸਹਿਜ ਪਾਠ ਦੀ ਅਰੰਭਤਾ ਵੀ ਕਰਵਾਈ ਗਈ |