ਜ਼ੀਰਾ, 16 ਅਕਤੂਬਰ (ਹਰਜੀਤ ਸਿੰਘ ਗਿੱਲ)- ਆ ਰਹੇ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਨੂੰ ਪਟਾਕੇ ਨਾ ਚਲਾ ਕੇ ਵਾਤਾਵਰਨ ਸਾਫ਼ ਸੁਥਰਾ ਰੱਖਦਿਆਂ ਹਰੀ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਪ੍ਰਸਿੱਧ ਪੰਜਾਬੀ ਸਾਹਿੱਤਕਾਰ ਤੇ ਵਾਤਾਵਰਨ ਪ੍ਰੇਮੀ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਹੈ ਕਿ ਪੰਜਾਬੀਆਂ ਦੇ ਬਹੁਤ ਸਾਰੇ ਤਿਉਹਾਰਾਂ ਦਾ ਸਬੰਧ ਜਿੱਥੇ ਇਤਿਹਾਸਿਕ ਹੈ ਉੱਥੇ ਇਹਨਾਂ ਦਾ ਮੌਸਮਾਂ ਨਾਲ ਵੀ ਗਹਿਰਾ ਰਿਸ਼ਤਾ ਹੈ | ਇਹਨਾਂ ਦਿਨਾਂ ਦੌਰਾਨ ਦੀਵਾਲੀ ਦਾ ਪਵਿੱਤਰ ਤਿਉਹਾਰ ਵੀ ਆਉਂਦਾ ਹੈ ਜੋ ਹਰ ਵਰਗ ਦੇ ਲੋਕ ਰਲ ਕੇ ਮਨਾਉਂਦੇ ਹਨ | ਇਤਿਹਾਸਿਕ ਘਟਨਾਵਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਆਤਿਸ਼ਬਾਜ਼ੀ ਦੀ ਖੋਜ ਅਜੇ ਨਹੀਂ ਹੋਈ ਸੀ | ਦੀਵਾਲੀ ਤੇ ਕੁੱਝ ਹੋਰ ਤਿਉਹਾਰਾਂ ਨਾਲ ਜਸ਼ਨਾਂ ਦੇ ਮੌਕਿਆਂ ਦੇ ਨਾਲ ਇਕ ਵੱਡੀ ਕੁਰੀਤੀ ਆਤਿਸ਼ਬਾਜ਼ੀ ਦੀ ਜੁੜ ਗਈ ਹੈ | ਇਸ ਕੁਰੀਤੀ ਕਰਕੇ ਹਰ ਸਾਲ ਅਸੀਂ ਆਤਿਸ਼ਬਾਜ਼ੀ ਚਲਾ ਕੇ ਕਰੋੜਾਂ ਰੁਪਏ ਬਰਬਾਦ ਕਰਨ ਦੇ ਨਾਲ ਆਪਣੇ ਵਾਤਾਵਰਨ ਨੂੰ ਵੀ ਗੰਧਲਾ ਕਰ ਦਿੰਦੇ ਹਾਂ | ਪਿਛਲੇ ਕੁੱਝ ਅਰਸੇ ਤੋਂ ਨਵੰਬਰ ਦੇ ਮਹੀਨੇ ਅਸੀਂ ਆਪਣੇ ਵਾਤਾਵਰਨ ਨੂੰ ਇਕ ਗੈਸ ਚੈਂਬਰ ਵਿਚ ਤਬਦੀਲ ਕਰ ਦਿੰਦੇ ਹਾਂ | ਅਸੀਂ ਵਿਕਾਸ ਦਾ ਦਾਅਵਾ ਕਰਨ ਵਾਲੇ ਇਨਸਾਨਾਂ ਨੇ 6 ਰੁੱਤਾਂ ਤੋਂ ਮਗਰੋਂ ਜ਼ਹਿਰੀਲੇ ਧੰੂਏਾ ਦੀ ਸੱਤਵੀਂ ਰੁੱਤ ਪਿਛਲੇ ਕੁੱਝ ਅਰਸੇ ਤੋਂ ਆਪਣੀਆਂ ਨਲਾਇਕੀਆਂ ਨਾਲ ਇਸ ਧਰਤੀ 'ਤੇ ਪੈਦਾ ਕੀਤੀ ਹੈ | ਇਸ ਰੁੱਤ ਦੌਰਾਨ ਜਾਂ ਇਸ ਦੇ ਲੰਘ ਜਾਣ ਮਗਰੋਂ ਪੰਜਾਬ ਵਿਚ ਤੇਜ਼ੀ ਨਾਲ ਹਾਰਟ ਅਟੈਕ ਅਤੇ ਦਮੇ, ਛਾਤੀ ਦੇ ਹੋਰ ਰੋਗਾਂ ਨਾਲ ਵੱਡੀ ਗਿਣਤੀ 'ਚ ਲੋਕ ਹੁਣ ਮਰਨ ਲੱਗੇ ਹਨ | ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਪਟਾਕਿਆਂ ਦੀ ਪਾਬੰਦੀ ਦੀ ਤਾਗੀਦ ਸਾਡੇ ਧਾਰਮਿਕ ਸਥਾਨਾਂ ਤੋਂ ਵੀ ਹੋਣੀ ਚਾਹੀਦੀ ਹੈ | ਗੰਧਲੇ ਤੇ ਪਲੀਤ ਵਾਤਾਵਰਨ 'ਚ ਤੰਦਰੁਸਤ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਇਸ ਲਈ ਕਿਸੇ ਨੂੰ ਵੀ ਵਾਤਾਵਰਨ ਨੂੰ ਪਲੀਤ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ | ਉਨ੍ਹਾਂ ਕਿਹਾ ਕਿ ਪਟਾਕਿਆਂ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ਕੇ ਸਾਨੂੰ ਵੱਧ ਤੋਂ ਬੂਟੇ ਲਗਾ ਕੇ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ |