ਮੱਖੂ, 16 ਅਕਤੂਬਰ (ਵਰਿੰਦਰ ਮਨਚੰਦਾ)- ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ ਵਿਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੇਂਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਹ ਇਕੋਂ ਉਦਾਹਰਨ ਹੈ, ਜਿੱਥੇ ਸੂਬੇ ਦੇ ਸੰਵਿਧਾਨਕ ਅਧਿਕਾਰੀ ਨੂੰ ਖੋਹ ਕੇ 'ਪੰਜਾਬ ਪੁਨਰਗਠਨ ਐਕਟ' ਦੀਆਂ ਧਾਰਾਵਾਂ ਨਾਲ ਉਸ ਦੇ ਪਾਣੀਆਂ ਨੂੰ ਗ਼ੈਰ ਸੰਵਿਧਾਨਕ ਤਰੀਕੇ ਨਾਲ ਵੰਡ ਦਿੱਤਾ ਗਿਆ | ਹੁਣ ਕੇਂਦਰ ਸਰਕਾਰ ਬੀ.ਬੀ.ਐਮ.ਬੀ. ਅਤੇ ਡੈਮਾਂ ਉੱਪਰ ਕਬਜ਼ੇ ਨੂੰ ਹੋਰ ਪੀਡਾ ਕਰ ਰਹੀ ਹੈ, ਜੋ ਸਾਫ਼ ਤੌਰ 'ਤੇ ਸੂਬਾਈ ਹੱਕਾਂ 'ਤੇ ਹਮਲਾ ਹੈ | ਪੀਰ ਮੁਹੰਮਦ ਨੇ ਕਿਹਾ ਕਿ ਇਹ ਸਾਰੀ ਖੇਡ ਕਾਂਗਰਸ ਦੀ ਪੰਜਾਬ ਅਤੇ ਸਿੱਖਾਂ ਪ੍ਰਤੀ ਵਿਗੜੀ ਮਾਨਸਿਕਤਾ 'ਚੋਂ ਹੀ ਪੈਦਾ ਹੋਈ ਸੀ ਤੇ ਹੁਣ ਭਾਜਪਾ ਉਸੇ ਸੋਚ ਨੂੰ ਨਵੇਂ ਰੂਪ ਵਿਚ ਅੱਗੇ ਵਧਾ ਰਹੀ ਹੈ |