06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਆਪ ਸਰਕਾਰ ਵਿਚ ਲਾਵਾਰਸ ਹੋ ਕੇ ਰਹਿ ਗਿਆ ਹੈ ਕਸਬਾ ਮਮਦੋਟ

ਅਜੀਤ ਡੈਸਕ 23-11-2025
ਮਮਦੋਟ, 22 ਨਵੰਬਰ (ਸੁਖਦੇਵ ਸਿੰਘ ਸੰਗਮ)-ਮਮਦੋਟ ਵਿਖੇ ਦੋ ਸਾਲਾਂ ਤੋਂ ਵਿਕਾਸ ਦੇ ਨਾਂਅ 'ਤੇ ਹੋ ਰਹੇ ਪੁੱਟ ਪੁਟਾਅ ਤੋਂ ਇਲਾਕੇ ਦੇ ਲੋਕਾਂ ਦਾ ਕਦੋਂ ਖਹਿੜਾ ਛੁੱਟੇਗਾ? ਇਹ ਸਵਾਲ ਹਰੇਕ ਵਿਅਕਤੀ ਵਲੋਂ ਸੂਬਾ ਸਰਕਾਰ ਅਤੇ ਸਥਾਨਕ ਆਪ ਆਗੂਆਂ ਤੋਂ ਕੀਤਾ ਜਾਣ ਲੱਗਾ ਹੈ | ਹਿੰਦ ਪਾਕਿ ਵੰਡ ਤੋਂ ਪਹਿਲਾਂ ਦਾ ਕਸਬਾ ਮਮਦੋਟ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਲਾਵਾਰਸ ਹੋ ਕੇ ਰਹਿ ਗਿਆ ਹੈ ਅਤੇ ਅਜੋਕੇ ਦੌਰ ਵਿਚ ਸਥਾਨਕ ਵਾਸੀਆਂ ਤੋਂ ਇਲਾਵਾ ਸਮੁੱਚੇ ਮਮਦੋਟ ਬਲਾਕ ਦੇ ਲੋਕ ਆਪਣੇ ਆਪ ਨੂੰ ਠਗਿਆ ਮਹਿਸੂਸ ਕਰਨ ਲੱਗੇ ਹਨ | ਪਿਛਲੇ ਕਰੀਬ ਦੋ ਸਾਲ ਤੋਂ ਸੀਵਰੇਜ ਪਾਉਣ ਦੇ ਨਾਮ 'ਤੇ ਪੁੱਟੀਆਂ ਗਈਆਂ ਮਮਦੋਟ ਦੀਆਂ ਸੜਕਾਂ ਦੀ ਦਿਨ ਬ ਦਿਨ ਨਿਘਾਰ ਵੱਲ ਜਾਂਦੀ ਹਾਲਤ ਨੂੰ ਲੈ ਕੇ ਜਿੱਥੇ ਕਸਬਾ ਮਮਦੋਟ ਦੇ ਦੁਕਾਨਦਾਰ ਆਪਣੇ ਕਾਰੋਬਾਰ ਨੂੰ ਡੁੱਬਦਾ ਦੇਖ ਕੇ ਸਰਕਾਰ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇੱਕਜੁੱਟ ਹੋਣ ਲੱਗੇ ਹਨ | ਉੱਥੇ ਹੀ ਇਲਾਕੇ ਭਰ ਦੇ ਲੋਕਾਂ ਵਿਚ ਸਰਕਾਰ ਅਤੇ ਹਲਕਾ ਲੀਡਰਸ਼ਿਪ ਦੀ ਵੀ ਕਿਰਕਿਰੀ ਹੋਣ ਲੱਗੀ ਹੈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਮਮਦੋਟ ਦੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾ ਕੇ ਸੁਧਾਰ ਕਰਨ ਦੀ ਯੋਜਨਾ ਤਹਿਤ ਕਸਬੇ ਦੇ ਬਾਹਰੀ ਬਾਜ਼ਾਰ, ਮੰਦਰ ਮਾਈ ਭੋਲੀ ਰੋਡ, ਖਾਈ ਰੋਡ ਅਤੇ ਸ਼ਨੀ ਮੰਦਰ ਰੋਡ ਨੂੰ ਪੁੱਟ ਕੇ ਸੀਵਰੇਜ ਲਾਈਨ ਪਾਰ ਦਿੱਤੀ ਗਈ ਹੈ ਪਰ ਬਾਵਜੂਦ ਇਸ ਦੇ ਕਈ ਮਹੀਨੇ ਗੁਜ਼ਰ ਜਾਣ 'ਤੇ ਵੀ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਜਾ ਸਕਿਆ | ਜਿਸ ਕਾਰਨ ਸਥਾਨਕ ਕਸਬੇ ਦੇ ਦੁਕਾਨਦਾਰ ਕੰਮਕਾਜ ਤੋਂ ਵਿਹਲੇ ਹੋ ਬੈਠੇ ਹਨ ਪਰ ਲੋਕਾਂ ਦੁਆਰਾ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਬਾਵਜੂਦ ਵੀ ਸਰਕਾਰ ਜਾਂ ਪ੍ਰਸ਼ਾਸਨ ਵਲੋਂ ਸੜਕਾਂ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਲੋਕਾਂ ਵਿਚ ਗ਼ੁੱਸੇ ਦੀ ਲਹਿਰ ਲਗਾਤਾਰ ਵਧਦੀ ਜਾ ਰਹੀ ਹੈ | ਸ਼ਹਿਰ ਦੇ ਲੋਕਾਂ ਮੁਤਾਬਿਕ ਨਗਰ ਪੰਚਾਇਤ ਦਫ਼ਤਰ ਦੇ ਅਧਿਕਾਰੀ ਵੀ ਸਭ ਕੁੱਝ ਦੇਖਦੇ ਹੋਏ ਮੂਕ ਦਰਸ਼ਕ ਬਣੇ ਹੋਏ ਹਨ ਅਤੇ ਨਾਂ ਹੀ ਮਮਦੋਟ ਦੇ ਬਦਤਰ ਹਾਲਤਾਂ ਨੂੰ ਸੁਧਾਰਨ ਲਈ ਕੋਈ ਉਜ਼ਰ ਕੀਤਾ ਜਾ ਰਿਹਾ ਹੈ ਅਤੇ ਨਾਂ ਹੀ ਸ਼ਹਿਰ ਦੀ ਸਾਫ਼ ਸਫ਼ਾਈ ਵਾਲੇ ਪਾਸੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਕਰਕੇ ਘਰਾਂ ਦਾ ਗੰਦਾ ਪਾਣੀ ਕਈ ਕਈ ਦਿਨ ਗਲੀਆਂ, ਬਾਜ਼ਾਰਾਂ ਅਤੇ ਮੁੱਖ ਸੜਕਾਂ ਉੱਪਰ ਫਿਰਦਾ ਰਹਿੰਦਾ ਹੈ | ਸਥਾਨਕ ਵਾਸੀਆਂ ਨੇ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਠੇਕੇਦਾਰ 'ਤੇ ਦਬਾਅ ਬਣਾ ਕੇ ਸੜਕਾਂ ਪੱਕੀਆਂ ਕਰਾਉਣ ਦੇ ਨਾਲ ਨਾਲ ਸਾਫ਼ ਸਫ਼ਾਈ ਦਾ ਕੰਮ ਸੁਚੱਜੇ ਢੰਗ ਨਾਲ ਚਾਲੂ ਕਰਵਾਇਆ ਜਾਵੇ |
ਪਿਛਲੀ ਖ਼ਬਰ ਪਰਾਲੀ ਸਾੜਨ 'ਤੇ ਤਿੰਨ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਮਾਮਲਾ ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।