ਬਠਿੰਡਾ, 16 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ 'ਚ ਅੱਜ ਦਿਨ ਚੜ੍ਹਦੇ ਹੀ ਉਸ ਸਮੇਂ ਗੋਲੀਆਂ ਦੀ ਠਾਹ-ਠਾਹ ਹੋ ਗਈ ਜਦੋਂ ਸੈਰ ਕਰਨ ਉਪਰੰਤ ਇਕ ਢਾਬੇ 'ਤੇ ਬੈਠ ਕੇ ਚਾਹ ਪੀ ਰਹੇ ਵਿਅਕਤੀ 'ਤੇ ਦੋ ਜਣਿਆਂ ਵਲੋਂ ਫਾਇਰਿੰਗ ਕਰ ਦਿੱਤੀ ਗਈ ਤੇ ਵਾਰਦਾਤ ਨੂੰ ਅੰਜਾਮ ਦੇਣ ਬਾਅਦ ਹਮਲਾਵਰ ਮੋਟਰ-ਸਾਈਕਲ 'ਤੇ ਫ਼ਰਾਰ ਹੋ ਗਏ | ਘਟਨਾ ਦਾ ਪਤਾ ਚੱਲਦਿਆਂ ਹੀ ਉੱਚ-ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਗੋਲੀਆਂ ਲੱਗਣ ਕਰਕੇ ਜ਼ਖ਼ਮੀ ਹੋਏ ਵਿਅਕਤੀ ਦੀ ਪਹਿਚਾਣ ਲਲਿਤ ਛਾਬੜਾ ਵਾਸੀ ਸੰਤਪੁਰਾ ਰੋਡ ਬਠਿੰਡਾ ਵਜੋਂ ਹੋਈ ਹੈ, ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਘਟਨਾ ਸਥਾਨ 'ਤੇ ਪੁੱਜੇ ਐੱਸ. ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਲਲਿਤ ਛਾਬੜਾ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੀ ਸੈਰ ਕਰਨ ਉਪਰੰਤ ਸਥਾਨਕ ਥਰਮਲ ਕਾਲੋਨੀ ਦੇ ਗੇਟ ਨੰਬਰ 2 ਨੇੜੇ ਸਥਿਤ ਇਕ ਢਾਬੇ 'ਤੇ ਬੈਠ ਕੇ ਚਾਹ ਪੀ ਰਿਹਾ ਸੀ ਤਾਂ ਪਹਿਲਾਂ ਤੋਂ ਢਾਬੇ 'ਤੇ ਬੈਠੇ ਦੋ ਵਿਅਕਤੀਆਂ ਨੇ ਉਸ ਉਪਰ ਅਚਾਨਕ ਫਾਇਰਿੰਗ ਕਰ ਦਿੱਤੀ, ਜਿਸ ਦੌਰਾਨ ਕੀਤੇ ਗਏ ਕਰੀਬ ਅੱਧੀ ਦਰਜਨ ਫਾਇਰਾਂ 'ਚੋਂ ਦੋ ਫਾਇਰ ਉਸ ਦੀ ਬਾਂਹ ਅਤੇ ਪੱਟ 'ਚ ਲੱਗੇ ਹਨ, ਜ਼ਖਮੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਹਮਲਾ ਕਰਨ ਬਾਅਦ ਦੋਸ਼ੀ ਆਪਣੇ ਮੋਟਰ-ਸਾਈਕਲ 'ਤੇ ਸਵਾਰ ਹੋ ਕੇ ਜੋਗਾਨੰਦ ਵਾਲੇ ਪਾਸੇ ਨੂੰ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦੇ ਖਿਲਾਫ ਥਾਣਾ ਥਰਮਲ 'ਚ ਮੁਕੱਦਮਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਘਟਨਾ ਸਥਾਨ ਨੇੜਲੇ ਸੀ. ਸੀ. ਟੀ.ਵੀ. ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ |