17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭੂਮੀ ਰੱਖਿਆ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਕਿਸਾਨਾਂ 'ਚ ਸਖ਼ਤ ਰੋਸ

ਅਜੀਤ ਡੈਸਕ 17-06-2025
ਮਹਿਰਾਜ, 16 ਜੂਨ (ਸੁਖਪਾਲ ਮਹਿਰਾਜ)- ਸਿੰਚਾਈ ਵਿਭਾਗ ਵਲੋਂ ਮਾੜੀ, ਭੈਣੀ, ਕੋਠੇ ਹਿੰਮਤਪੁਰਾ, ਮਹਿਰਾਜ ਪੱਤੀ ਕਾਲਾ ਅਤੇ ਨਥਾਣਾ ਦੇ ਲਗਭਗ 2800 ਏਕੜ ਰਕਬੇ ਲਈ ਕੈਪਟਨ ਦੀ ਸਰਕਾਰ ਸਮੇਂ 2020 'ਚ ਇਕ ਮੋਘਾ ਨੰ 306790 ਆਰ ਨਹਿਰ ਬਠਿੰਡਾ ਬ੍ਰਾਂਚ ਵਿਚੋਂ ਸਿਧਾਣਾ ਵਿਖੇ ਮਨਜ਼ੂਰ ਹੋਇਆ ਸੀ ਜਿਸ ਦੀ ਪਾਈਪ ਲਾਈਨ ਦਾ ਕੰਮ 4 ਸਾਲ ਪਹਿਲਾਂ 2021ਚ ਸ਼ੁਰੂ ਹੋਇਆ ਸੀ, ਇਸ ਪਾਈਪ ਲਾਈਨ ਨੂੰ ਪਾਉਣ ਦਾ ਕੰਮ ਭੂਮੀ ਰੱਖਿਆ ਮਹਿਕਮੇ ਨੂੰ ਸੌਂਪਿਆ ਗਿਆ ਸੀ | ਵੈਸੇ ਇਸ ਪਾਈਪ ਲਾਈਨ ਦਾ ਕੰਮ ਪਿਛਲੇ ਸਾਲ ਹੀ ਪੂਰਾ ਹੋ ਜਾਣਾ ਸੀ ਪ੍ਰੰਤੂ ਅਫ਼ਸੋਸ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਇਸ ਪਾਈਪ ਲਾਈਨ ਦਾ ਕੰਮ ਇਸ ਸਾਲ ਵੀ ਨੇਪਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ | ਪਿਛਲੇ ਦਿਨੀਂ ਕਿਸਾਨਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਮਿਲ ਚੁੱਕਾ ਹੈ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਸਮੇਂ-ਸਮੇਂ 'ਤੇ ਇਸ ਪਾਈਪ ਲਾਈਨ ਦੇ ਕੰਮ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚਾੜ੍ਹਨ ਲਈ ਬੇਨਤੀ ਕਰ ਚੁੱਕਾ ਹੈ ਪਰੰਤੂ ਮਹਿਕਮੇ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੇ ਪੱਲੇ ਇਕੱਲੇ ਲਾਰੇ ਹੀ ਪਾਏ ਗਏ ਹਨ | ਕੰਮ ਦੀ ਮਸਤ ਚਾਲ ਦੇ ਚੱਲਦਿਆਂ ਹੁਣ ਕਿਸਾਨਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਅਤੇ ਕਿਸਾਨਾਂ ਅੰਦਰ ਤਕੜਾ ਰੋਸ ਵੇਖਣ ਨੂੰ ਮਿਲਿਆ ਹੈ | ਇਸ ਸਬੰਧ ਵਿਚ ਜਦੋਂ ਸਬੰਧਿਤ ਪਿੰਡਾਂ ਦੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਪਿੰਡ ਮਾੜੀ ਦੇ ਸਰਪੰਚ ਗੁਰਸੇਵਕ ਸਿੰਘ ਦਾ ਕਹਿਣਾ ਸੀ ਕਿ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਅਸੀਂ ਅੱਕ ਚੁੱਕੇ ਹਾਂ, ਭੈਣੀ ਪਿੰਡ ਦੇ ਟੇਕ ਸਿੰਘ ਦਾ ਕਹਿਣਾ ਸੀ ਕਿ ਮਹਿਕਮੇ ਦੀ ਢਿੱਲ ਮੱਠ ਕਾਰਨ ਕਿਸਾਨਾਂ ਵਿਚ ਵੀ ਹੁਣ ਪਹਿਲਾਂ ਵਾਲਾ ਉਤਸ਼ਾਹ ਨਹੀਂ ਰਿਹਾ | ਨਥਾਣਾ ਦੇ ਬਲੌਰ ਸਿੰਘ ਦਾ ਕਹਿਣਾ ਸੀ ਕਿ ਮਹਿਕਮੇ ਵਲੋਂ ਪਾਈ ਗਈ ਪਾਈਪ ਤਕਨੀਕੀ ਤੌਰ 'ਤੇ ਵੀ ਮਿਆਰੀ ਨਹੀਂ ਹੈ ਕਿਉਂਕਿ ਇਸ ਪਾਈਪ ਦੀ ਲੈਵਲਿੰਗ ਵੀ ਇਕਸਾਰ ਨਹੀਂ ਹੈ ਅਤੇ 8 ਕਿੱਲੋਮੀਟਰ ਲੰਬੀ ਪਾਈਪ ਅੰਦਰ ਇੱਕ ਵੀ ਡਿੱਗੀ ਨਹੀਂ ਬਣਾਈ ਗਈ ਜਦੋਂ ਕਿ ਅਸੂਲਨ ਇਹ ਇੱਕ ਕਿੱਲੋਮੀਟਰ ਬਾਅਦ ਚਾਹੀਦੀ ਸੀ ਅਤੇ ਜਿਸ ਹਿਸਾਬ ਨਾਲ ਕਿਸਾਨਾਂ ਨੇ ਮਹਿਕਮੇ ਨੂੰ ਸਹਿਯੋਗ ਦਿੱਤਾ ਹੈ ਮਹਿਕਮੇ ਨੇ ਉਸ ਦੀ ਕੋਈ ਕਦਰ ਨਹੀਂ ਪਾਈ ਹਿੰਮਤਪੁਰਾ ਦੇ ਸਾਬਕਾ ਪੰਚਾਇਤ ਮੈਂਬਰ ਗੋਬਿੰਦ ਸਿੰਘ ਅਤੇ ਸੁਖਪਾਲ ਸਿੰਘ ਦਾ ਕਹਿਣਾ ਸੀ ਕਿ ਸਾਨੂੰ ਉਮੀਦ ਸੀ ਕਿ 30 ਸਾਲਾਂ ਬਾਅਦ ਸਾਡੇ ਖੇਤਾਂ ਨੂੰ ਛੇਤੀ ਹੀ ਨਹਿਰੀ ਪਾਣੀ ਮਿਲਣ ਲੱਗ ਜਾਵੇਗਾ ਪ੍ਰੰਤੂ ਇਹ ਨਹੀਂ ਸੀ ਪਤਾ ਕਿ ਮਹਿਕਮੇ ਦੇ ਅਧਿਕਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਅਜੇ ਹੋਰ ਲੰਬੀ ਉਡੀਕ ਕਰਨੀ ਪਵੇਗੀ | ਮਹਿਕਮੇ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਭਗਵੰਤ ਮਾਨ ਸਰਕਾਰ ਦੇ ਟੇਲਾਂ 'ਤੇ ਪਾਣੀ ਪਹੁੰਚਾਉਣ ਦੇ ਦਾਅਵਿਆਂ ਦੀ ਵੀ ਪੂਰੀ ਤਰ੍ਹਾਂ ਪੋਲ ਖੁੱਲ੍ਹ ਰਹੀ ਹੈ |
ਪਿਛਲੀ ਖ਼ਬਰ ਢਾਬੇ 'ਤੇ ਚਾਹ ਪੀ ਰਹੇ ਵਿਅਕਤੀ 'ਤੇ ਫਾਇਰਿੰਗ, ਦੋ ਗੋਲੀਆਂ ਲੱਗੀਆਂ ਅਗਲੀ ਖ਼ਬਰ ਹਰਿਆਣਾ ਦੇ ਦੋ ਵਿਅਕਤੀ ਪੋਸਤ ਅਤੇ ਹੌਂਡਾ ਸਿਟੀ ਕਾਰ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।