ਨਥਾਣਾ, 16 ਜੂਨ (ਗੁਰਦਰਸ਼ਨ ਲੁੱਧੜ)- ਪਿੰਡ ਢੇਲਵਾਂ ਦੇ ਖੇਤਾਂ ਲਈ ਨਹਿਰੀ ਪਾਣੀ ਦੀ ਸੁਵਿਧਾ ਵਾਸਤੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਵਲੋਂ ਮੋਘਾ-23775 ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ ਗਿਆ | ਜ਼ਕਰਯੋਗ ਹੈ ਕਿ ਸਾਲ 2014-15 ਦੌਰਾਨ ਢੇਲਵਾਂ ਰਜਵਾਹੇ ਦੀ ਉਸਾਰੀ ਕੀਤੀ ਗਈ ਸੀ ਪਰ ਇਤਨਾ ਸਮਾਂ ਬੀਤ ਜਾਣ ਦੇ ਬਾਵਜੂਦ ਸਾਰੇ ਕਿਸਾਨਾਂ ਦੇ ਖੇਤਾਂ ਤੱਕ ਇਸ ਰਜਵਾਹੇ ਦਾ ਪਾਣੀ ਨਹੀਂ ਸੀ ਪਹੁੰਚ ਸਕਿਆ, ਕਿਉਂਕਿ ਪਾਣੀ ਦੇ ਵਹਿਣ ਦਾ ਰੂਟ ਬਣਾਉਣ ਲਈ ਜਗ੍ਹਾ ਦੀ ਦਿੱਕਤ ਵੀ ਇਕ ਕਾਰਨ ਸੀ | ਪਿੰਡ ਦੇ ਸਾਬਕਾ ਪੰਚ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਗੁਰਲਾਭ ਸਿੰਘ ਅਤੇ ਮੀਰਾਬ ਪਰਿਵਾਰ ਵਲੋਂ ਰਜਵਾਹੇ ਲਾਗਲੀ ਆਪਣੀ ਜ਼ਮੀਨ ਵਿਚਕਾਰ ਦੀ ਜ਼ਮੀਨਦੋਜ਼ ਪਾਈਪਾਂ ਲੰਘਾਉਣ ਦੀ ਸਹਿਮਤੀ ਮਿਲਣ ਉਪਰੰਤ ਸਿੰਚਾਈ ਵਿਭਾਗ ਦੇ ਤਕਨੀਕੀ ਅਧਿਕਾਰੀਆਂ ਨੇ ਢੇਲਵਾਂ ਰਜਵਾਹੇ ਵਿਚ ਮੋਘਾ-ਐਲ 23775 ਲਈ 22 ਮਸਤੀਲ ਦੀ ਉਕਤ ਥਾਂ ਨੂੰ ਚੁਣਿਆ | ਪਿੰਡ ਦੇ ਕਿਸਾਨਾਂ ਨੇ ਆਪਣੇ ਪੱਧਰ 'ਤੇ ਲੱਖਾਂ ਰੁਪਏ ਖ਼ਰਚ ਕਰਕੇ ਢੇਲਵਾਂ ਰਜਵਾਹੇ ਵਿਚੋਂ ਮਨਜ਼ੂਰ ਹੋਏ ਮੋਘੇ ਤੋਂ ਲੈ ਕੇ ਲਗਭਗ 1600 ਫੁੱਟ ਲੰਬਾਈ ਤੱਕ 24 ਇੰਚ ਚੌੜਾਈ ਵਾਲੀਆਂ ਪਾਈਪਾਂ ਪਾ ਦਿੱਤੀਆਂ ਹਨ, ਜਿਨ੍ਹਾਂ ਰਾਹੀਂ ਤਿੰਨ ਕਿਊਸਕ ਪਾਣੀ ਖੇਤਾਂ ਦੇ ਮੁੱਖ ਨਹਿਰੀ ਪੁਆਇੰਟ ਤੱਕ ਪਹੁੰਚਾਇਆ ਜਾ ਸਕੇਗਾ ਅਤੇ ਇਥੋਂ ਖਾਲਿਆਂ ਦੀਆਂ ਬਰਾਂਚਾਂ ਰਾਹੀਂ ਨਹਿਰੀ ਪਾਣੀ ਪਿੰਡ ਦੇ 988 ਏਕੜ ਰਕਬੇ ਤੱਕ ਪਹੁੰਚਾਇਆ ਜਾ ਸਕੇਗਾ | ਹਲਕਾ ਵਿਧਾਇਕ ਨੇ ਮੋਘਾ-ਐਲ 23775 ਦਾ ਉਦਘਾਟਨ ਕਰਨ ਉਪਰੰਤ ਢੇਲਵਾਂ ਦੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੁੱਖ ਪੁਆਇੰਟ ਤੋਂ ਸਾਰੀਆਂ ਬਰਾਂਚਾਂ ਦੇ ਅਖੀਰ ਤੱਕ ਜ਼ਮੀਨਦੋਜ਼ ਪਾਈਪਾਂ ਸਰਕਾਰੀ ਖਰਚੇ ਤੇ ਪਾਈਆਂ ਜਾਣਗੀਆਂ, ਜਿਸ ਨਾਲ ਕਿਸਾਨਾਂ ਖੇਤ ਦੇ ਹਰ ਬੰਨੇ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਕੋਈ ਦਿੱਕਤ ਨਹੀਂ ਆਵੇਗੀ | ਇਸ ਮੌਕੇ ਸਰਪੰਚ ਮਨਜੀਤ ਕੌਰ, ਪੰਚਾਇਤੀ ਆਗੂ ਰਿੰਪਜੀਤ ਸਿੰਘ, 'ਆਪ' ਆਗੂ ਗੁਰਜੰਟ ਸਿੰਘ ਮਾਨ, ਸਾਬਕਾ ਪੰਚ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਗੁਰਲਾਭ ਸਿੰਘ, ਪੰਚ ਜਗਸੀਰ ਸਿੰਘ, ਗੁਰਚਰਨ ਸਿੰਘ ਚੰਨੀ, ਮੱਖਣ ਸਿੰਘ, ਸੇਵਕ ਸਿੰਘ, ਅਮਰਜੀਤ ਕੌਰ, ਚਮਕੌਰ ਸਿੰਘ ਗਿੱਲ, ਹਰਜੀਤ ਸਿੰਘ ਮਾਨ, ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਹਰਨੇਕ ਸਿੰਘ, ਸੁਸਾਇਟੀ ਪ੍ਰਧਾਨ ਕੁਲਦੀਪ ਸਿੰਘ, ਗੁਰਚਰਨ ਸਿੰਘ ਮਾਨ, ਹਰਪ੍ਰੀਤ ਸਿੰਘ ਨੰਬਰਦਾਰ, ਸੁਖਦੀਪ ਸਿੰਘ ਮਾਨ, ਸੋਹਣ ਸਿੰਘ, ਜਸਵਿੰਦਰ ਸਿੰਘ ਰੰਗੀ, ਬਲਵੀਰ ਸਿੰਘ, ਹਰਦੇਵ ਸਿੰਘ ਮੀਰਾਬ, ਅਮਰਜੀਤ ਸਿੰਘ ਰੰਗੀ ਅਤੇ ਇਸ ਮੋਘੇ ਨਾਲ ਸਬੰਧਿਤ ਸਮੂਹ ਕਿਸਾਨ ਹਾਜ਼ਰ ਸਨ |