ਬਠਿੰਡਾ, 16 ਜੂਨ (ਪੱਤਰ ਪ੍ਰੇਰਕ)-ਸਥਾਨਕ ਗੋਨਿਆਣਾ ਰੋਡ 'ਤੇ ਸਥਿਤ ਇਕ ਕਾਲੋਨੀ 'ਚ ਅਦਾਲਤੀ ਸਟੇਅ ਦੇ ਬਾਵਜੂਦ ਚੱਲ ਰਹੇ ਉਸਾਰੀ ਦੇ ਕੰਮ ਨੂੰ ਥਾਣਾ ਥਰਮਲ ਦੀ ਪੁਲਿਸ ਵਲੋਂ ਬੀਤੇ ਕੱਲ੍ਹ ਬੰਦ ਕਰਵਾਉਣ ਦਾ ਦਾਅਵਾ ਕੀਤਾ ਗਿਆ ਸੀ, ਜੋ ਕਿ ਬਿਲਕੁਲ ਖੋਖਲਾ ਨਿਕਲਿਆ ਹੈ, ਕਿਉਂਕਿ ਉਕਤ ਕਾਲੋਨੀ 'ਚ ਧੜੱਲੇ ਨਾਲ ਉਸਾਰੀ ਦਾ ਕੰਮ ਚੱਲ ਰਿਹਾ ਤੇ ਅਦਾਲਤੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਪਿੰਡ ਗਿਲਪੱਤੀ ਦੇ ਵਸਨੀਕ ਸੁਖਰਾਜ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਗੋਨਿਆਣਾ ਰੋਡ 'ਤੇ ਸਥਿਤ ਇਕ ਡੇਰੇ ਦੇ ਪਿਛਲੇ ਪਾਸੇ ਉਸ ਦੀ ਜ਼ਮੀਨ ਵਿਚ ਇਕ ਨਿੱਜੀ ਕੰਪਨੀ ਵਲੋਂ ਕਾਲੋਨੀ ਉਸਾਰੀ ਜਾ ਰਹੀ ਹੈ, ਜਿਸ ਦੇ ਖ਼ਿਲਾਫ਼ ਉਸ ਨੇ ਅਦਾਲਤ ਤੋਂ ਸਟੇਅ ਆਰਡਰ ਪ੍ਰਾਪਤ ਕੀਤਾ ਹੋਇਆ ਹੈ, ਪਰ ਇਸ ਦੇ ਬਾਵਜੂਦ ਅਦਾਲਤੀ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਕਾਲੋਨੀ ਪ੍ਰਬੰਧਕਾਂ ਵਲੋਂ ਉੱਥੇ ਉਸਾਰੀ ਦਾ ਕੰਮ ਚਲਾਇਆ ਜਾ ਰਿਹਾ | ਪੀੜਤ ਨੇ ਕਿਹਾ ਕਿ ਕੰਮ ਬੰਦ ਕਰਵਾਉਣ ਲਈ ਉਹ ਕਈ ਵਾਰ ਥਾਣਾ ਥਰਮਲ ਦੀ ਪੁਲਿਸ ਕੋਲ ਪਹੁੰਚ ਕਰ ਚੁੱਕਾ ਹੈ, ਪਰ ਪੁਲਿਸ ਸਿਰਫ਼ ਖਾਨਾਪੂਰਤੀ ਕਰਕੇ ਬੁਤਾ ਸਾਰ ਰਹੀ ਤੇ ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਕੰਮ ਬੰਦ ਨਹੀਂ ਕਰਵਾਇਆ ਜਾ ਰਿਹਾ | ਉਸ ਨੇ ਦੋਸ਼ ਲਗਾਏ ਕਿ ਅਦਾਲਤੀ ਹੁਕਮਾਂ ਦੀਆਂ ਕਾਲੋਨੀ ਪ੍ਰਬੰਧਕਾਂ ਵਲੋਂ ਧੱਜੀਆਂ ਉਡਾਉਣ ਵਿਚ ਥਾਣਾ ਥਰਮਲ ਦੀ ਪੁਲਿਸ ਵਲੋਂ ਭਰਵਾਂ ਸਾਥ ਦਿੱਤਾ ਜਾ ਰਿਹਾ | ਪੀੜਤ ਸੁਖਰਾਜ ਸਿੰਘ ਨੇ ਸੂਬਾ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਅਦਾਲਤੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਸ ਨੂੰ ਇਨਸਾਫ਼ ਦਿੱਤਾ ਜਾਵੇ ਤੇ ਤੁਰੰਤ ਉਕਤ ਉਸਾਰੀ ਦਾ ਕੰਮ ਬੰਦ ਕਰਵਾਇਆ ਜਾਵੇ | ਇਸ ਸੰਬੰਧੀ ਗੱਲਬਾਤ ਕਰਨ ਲਈ ਥਾਣਾ ਥਰਮਲ ਦੇ ਮੁੱਖ ਅਧਿਕਾਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫ਼ੋਨ ਨਹੀਂ ਚੁਕਿਆ |