ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਮੈਜਿਸਟਰੇਟ ਸ਼ੌਕਤ ਅਹਿਮਦ ਪਰੇ ਨੇ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਅਣ-ਅਧਿਕਾਰਤ ਸੀਮਨ ਦਾ ਭੰਡਾਰ ਕਰਨ, ਟਰਾਂਸਪੋਟੇਸ਼ਨ ਕਰਨ, ਵਰਤਣ ਜਾਂ ਵੇਚਣ 'ਤੇ ਪਾਬੰਦੀ ਲਗਾਈ ਹੈ | ਹੁਕਮ ਰਾਹੀਂ ਜ਼ਿਲ੍ਹੇ ਵਿਚ ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਠਿੰਡਾ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਗੈਰ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਾਏਗਾ | ਹੁਕਮ ਅਨੁਸਾਰ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਵਿਵਸਥਾ ਅਤੇ ਸਮਾਜਿਕ ਸ਼ਾਂਤੀ ਨੂੰ ਮੁੱਖ ਰੱਖਦੇ ਹੋਏ ਹਰ ਪੀ.ਜੀ. ਮਾਲਕ ਆਪਣੀ ਪੀ.ਜੀ. ਨੂੰ ਰਜਿਸਟਰ ਕਰਵਾਉਂਦੇ ਹੋਏ ਪੀ.ਜੀ. 'ਚ ਰਹਿਣ ਵਾਲੇ ਬੱਚਿਆਂ/ਕਿਰਾਏਦਾਰਾਂ ਦੀ ਸਬੰਧਤ ਪੁਲਿਸ ਥਾਣੇ/ਸਾਂਝ ਕੇਂਦਰ ਰਾਹੀਂ ਰਜਿਸਟਰੇਸ਼ਨ/ਵੈਰੀਫ਼ਿਕੇਸ਼ਨ ਕਰਵਾਉਣ ਦਾ ਜ਼ਿੰਮੇਵਾਰ ਹੋਵੇਗਾ | ਜਾਰੀ ਹੁਕਮ ਅਨੁਸਾਰ ਸੈਂਟਰਲ ਜੇਲ੍ਹ ਬਠਿੰਡਾ ਦੀ ਹਦੂਦ ਅੰਦਰ ਅਤੇ ਹਦੂਦ ਤੋਂ 500 ਮੀਟਰ ਤੱਕ ਏਰੀਏ 'ਚ ਡਰੋਨ ਕੈਮਰਾ ਚਲਾਉਣ/ਉਡਾਉਣ 'ਤੇ ਮੁਕੰਮਲ ਪਾਬੰਦੀ ਲਗਾਈ ਹੈ | ਇਸ ਤੋਂ ਇਲਾਵਾ ਜੇਲ੍ਹ ਦੇ 500 ਮੀਟਰ ਘੇਰੇ ਦੇ ਅੰਦਰ ਕਿਸੇ ਵੀ ਵਿਅਕਤੀ ਦੇ ਘੁੰਮਣ ਫ਼ਿਰਨ 'ਤੇ ਪਾਬੰਦੀ ਲਗਾਉਣ ਲਈ (ਸਿਵਾਏ ਮੇਨ ਰੋਡ) ਸ਼ਾਮ 8 ਤੋਂ ਸਵੇਰੇ 6 ਵਜੇ ਤੱਕ ਅਧੀਨ ਧਾਰਾ 163 ਲਗਾਈ ਗਈ ਹੈ | ਜਾਰੀ ਹੁਕਮ ਅਨੁਸਾਰ ਜ਼ਿਲ੍ਹੇ 'ਚ ਰੈਲੀਆਂ, ਮੀਟਿੰਗਾਂ ਅਤੇ ਧਰਨੇ ਆਦਿ ਵਿਚ ਹੋਣ ਵਾਲੀ ਹਰ ਪ੍ਰਕਾਰ ਦੀ ਭੜਕਾਊ ਬਿਆਨਬਾਜੀ/ਵਿਅਕਤੀ ਵਿਸ਼ੇਸ਼, ਧਰਮ, ਜਾਤ ਜਾਂ ਸਮਾਜ ਦੇ ਕਿਸੇ ਸਮੁਦਾਇ ਨੂੰ ਠੇਸ ਪਹੁੰਚਾਉਣ ਵਾਲੇ ਨਫ਼ਰਤੀ ਭਾਸ਼ਣ ਆਦਿ ਦੇਣ 'ਤੇ ਮੁਕਮੰਲ ਰੋਕ ਲਗਾਈ ਗਈ ਹੈ |