ਬਠਿੰਡਾ, 18 ਜੂਨ (ਅਵਤਾਰ ਸਿੰਘ ਕੈਂਥ)-ਸਰਬੰਸਦਾਨੀ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 21 ਜੂਨ 1706 ਈ: ਦੇ ਦਿਨ ਬਠਿੰਡਾ ਆਗਮਨ ਪੁਰਬ ਦੇ ਸਬੰਧ ਵਿਚ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ 10ਵੀਂ ਗੁਰਦੁਆਰਾ ਹਾਜੀ ਰਤਨ ਸਾਹਿਬ, ਕਿਲ੍ਹਾ ਮੁਬਾਰਕ ਵਲੋਂ ਦਸ਼ਮੇਸ਼ ਪਿਆਰੇ ਸੇਵਾ ਸੁਸਾਇਟੀ, ਸ਼ਬਦ ਚੌਕੀ ਜਥਾ ਭਾਈ ਘਨ੍ਹੱਈਆ ਜੀ ਸੇਵਕ ਦਲ, ਧਾਰਮਿਕ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਦਸਵੇਂ ਪਾਤਸ਼ਾਹੀ ਜੀ ਦੇ ਆਮਦ ਪੁਰਬ ਦੀ ਖੁਸ਼ੀ 'ਚ 19 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਕੇ 21 ਜੂਨ ਨੂੰ ਭੋਗ ਪਾਏ ਜਾਣਗੇ | ਸ਼ਨੀਵਾਰ 21 ਜੂਨ ਨੂੰ ਅੰਮਿ੍ਤ ਵੇਲੇ ਨਗਰ ਕੀਰਤਨ ਪ੍ਰਭਾਤ ਫੇਰੀ ਦੇ ਰੂਪ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਹਾਜੀ ਰਤਨ ਤੋਂ ਸੰਗਤਾਂ ਸ਼ਬਦ ਗਾਇਣ ਕਰਦੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਦੀ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਸੰਪੰਨ ਹੋਵੇਗਾ | ਮੈਨੇਜਰ ਭਾਈ ਗੁਰਸੇਵਕ ਸਿੰਘ ਕਿੰਗਰਾ, ਭਾਈ ਬੂਟਾ ਸਿੰਘ ਨੇ ਅੱਗੇ ਜਾਣਕਾਰੀ ਦਿੰਦੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਆਗਮਨ ਦੀ ਖੁਸ਼ੀ ਵਿਚ 21 ਜੂਨ ਰਾਤ 7 ਵਜੇ ਤੋਂ 10 ਵਜੇ ਤੱਕ ਕੀਰਤਨ ਦਰਬਾਰ ਗੁਰਦੁਆਰਾ ਕਿਲ੍ਹਾ ਮੁਬਾਰਕ ਸਾਹਿਬ ਜੀ ਵਿਖੇ ਹੋਣਗੇ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਜੀ ਕੀਰਤਨ ਦੀ ਸਮਾਗਮਾਂ ਵਿਚ ਹਾਜ਼ਰੀਆਂ ਭਰਕੇ ਕਲਗੀਧਰ ਪਾਤਿਸ਼ਾਹ ਜੀ ਦੇ ਗੁਣਗਾਣ ਨਾਲ ਸੰਗਤਾਂ ਨੂੰ ਜੋੜਣਗੇ | ਇਨ੍ਹਾਂ ਤੋਂ ਇਲਾਵਾ ਭਾਈ ਜਗਤਾਰ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸੰਗਤਾਂ ਦੇ ਦਰਸ਼ਨ ਕਰਨਗੇ | ਇਨ੍ਹਾਂ ਤੋਂ ਇਲਾਵਾ 21 ਜੂਨ ਦਿਨ ਸ਼ਨੀਵਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਤੋਂ ਉਪਰੰਤ ਭੁਝੰਗ ਫੌਜ ਜਥਾ ਬਠਿੰਡਾ, ਰਾਗੀ ਭਾਈ ਅਵਤਾਰ ਸਿੰਘ ਗੁਲਾਬਗੜ੍ਹ ਅਤੇ ਗਿਆਨੀ ਗੁਰਜੰਟ ਸਿੰਘ ਸਹਾਇਕ ਮੁੱਖ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਾਲੇ ਦੁਪਿਹਰ 1 ਵਜੇ ਤੱਕ ਗੁਰਬਾਣੀ ਕੀਰਤਨ ਅਤੇ ਕਥਾ ਵਿਆਖਿਆ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ |