26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਪ੍ਰਸ਼ਾਸਨ ਨੇ 'ਪੀਲਾ ਪੰਜਾ' ਚਲਾ ਕੇ ਬਠਿੰਡਾ 'ਚ ਦੋ ਮਹਿਲਾ ਨਸ਼ਾ ਤਸਕਰਾਂ ਦੇ ਘਰ ਢਾਹੇ

ਅਜੀਤ ਡੈਸਕ 23-06-2025

ਬਠਿੰਡਾ, 22 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ 'ਪੀਲਾ ਪੰਜਾ' ਰੂਪੀ ਜੇ.ਬੀ.ਸੀ ਚਲਾ ਕੇ ਬਠਿੰਡਾ 'ਚ ਦੋ ਮਹਿਲਾ ਨਸ਼ਾ ਤਸਕਰਾਂ ਦੇ ਘਰ ਢਹਿ ਢੇਰੀ ਕਰ ਦਿੱਤੇ ਹਨ | ਹਾਲਾਂਕਿ ਮੌਕੇ 'ਤੇ ਸੰਬੰਧਿਤ ਔਰਤਾਂ ਨੇ ਪੁਲਿਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਬਸਤੀ ਵਿਚ ਹੋਰ ਵੱਡੀ ਗਿਣਤੀ ਲੋਕ ਨਸ਼ਾ ਵੇਚਦੇ ਹਨ, ਪਰ ਉਨ੍ਹਾਂ ਦੇ ਘਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਸਿਰਫ਼ ਉਨ੍ਹਾਂ ਨੂੰ ਬਦਨਾਮ ਕੀਤਾ ਹੋਇਆ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਾਡੇ ਉਪਰ ਜੋ ਵੀ ਕਾਰਵਾਈ ਹੋਣੀ ਸੀ, ਕਰ ਦਿੱਤੀ ਪਰ ਹੋਰਨਾਂ ਦੇ ਘਰ ਢਾਹ ਕੇ ਲੋਕਾਂ ਨੂੰ ਬੇਘਰ ਨਾ ਕੀਤਾ ਜਾਵੇ | ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਬਲ ਦੀ ਅਗਵਾਈ ਕਰ ਰਹੇ ਐੱਸ.ਪੀ. (ਡੀ) ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਸਥਾਨਕ ਧੋਬੀਆਣਾ ਬਸਤੀ ਦੀ ਗਲੀ ਨੰਬਰ-1 ਦੀ ਮਨਜੀਤ ਕੌਰ ਉਰਫ਼ ਬੀਰਾ ਖਿਲਾਫ ਨਸ਼ਾ ਤਸਕਰੀ ਤੇ ਹੋਰ ਧਾਰਾਵਾਂ ਤਹਿਤ ਜਿਥੇ 10 ਪਰਚੇ ਦਰਜ ਹਨ, ਉਥੇ ਜਸਵਿੰਦਰ ਕੌਰ ਉਰਫ਼ ਜੱਸੀ 'ਤੇ ਨਸ਼ਾ ਰੋਕੂ ਐਕਟ ਤਹਿਤ ਇਕ ਮੁਕੱਦਮਾ ਦਰਜ ਹੈ, ਦੋਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਬਣਾਈਆਂ ਹੋਈਆਂ ਸਨ | ਜਿਸ ਕਰਕੇ ਸਿਵਲ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਦੋਨਾਂ ਦੇ ਘਰਾਂ ਨੂੰ ਢਾਹਿਆ ਹੈ | ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਸਹਿਯੋਗ ਦਿੱਤਾ ਹੈ | ਉਨ੍ਹਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ੇ ਦੇ ਕੰਮ ਛੱਡ ਦੇਣ, ਨਹੀਂ ਫਿਰ ਅਜਿਹੀਆਂ ਕਾਰਵਾਈਆਂ ਲਈ ਤਿਆਰ ਰਹਿਣ | ਐੱਸ.ਪੀ ਸਾਹੀਵਾਲ ਨੇ ਦੱਸਿਆ ਕਿ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਕਾਰਵਾਈ ਕਰਦਿਆਂ 1 ਮਾਰਚ 2025 ਤੋਂ ਹੁਣ ਤੱਕ 634 ਮੁਕੱਦਮੇ ਦਰਜ ਕਰਕੇ ਕੁਲ 986 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ 19 ਵੱਡੇ ਨਸ਼ਾ ਤਸਕਰ ਵੀ ਸ਼ਾਮਿਲ ਹਨ | ਇਸ ਦੇ ਨਾਲ ਹੀ ਸਾਲ 2023 ਤੋਂ ਹੁਣ ਤੱਕ ਨਸ਼ਾ ਤਸਕਰਾਂ ਦੀ 09 ਕਰੋੜ 71 ਲੱਖ ਦੇ ਕਰੀਬ ਦੀ ਜਾਇਦਾਦ ਫਰੀਜ ਕੀਤੀ ਗਈ ਹੈ | ਇਸ ਮੌਕੇ ਐੱਸਡੀਐਮ ਬਠਿੰਡਾ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਮਨਜੀਤ ਕੌਰ ਅਤੇ ਜਸਵਿੰਦਰ ਕੌਰ ਵਲੋਂ ਗੈਰ ਕਾਨੂੰਨੀ ਢੰਗ ਨਾਲ ਉਸਾਰੇ ਘਰਾਂ ਨੂੰ ਖਾਲੀ ਕਰਨ ਲਈ ਕਈ ਵਾਰ ਨੋਟਿਸ ਦਿੱਤੇ ਗਏ ਪ੍ਰੰਤੂ ਕਬਜ਼ਾਧਾਰੀਆਂ ਵਲੋਂ ਜਗ੍ਹਾ ਖਾਲੀ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਦੋਨੋ ਘਰਾਂ ਨੂੰ ਢਾਹ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਥੇ ਹੋਰ ਵੀ ਕਈ ਘਰਾਂ ਨੂੰ ਨੋਟਿਸ ਦਿੱਤੇ ਹੋਏ ਹਨ, ਨੋਟਿਸਾਂ ਦੀ ਮਿਆਦ ਪੂਰੀ ਹੁੰਦਿਆਂ ਉਨ੍ਹਾਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਨਜਾਇਜ਼ ਕਬਜ਼ਾ ਨਹੀਂ ਕਰ ਦਿੱਤਾ ਜਾਵੇਗਾ | ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਜੜ੍ਹੋ ਖ਼ਤਮ ਕਰਨ ਲਈ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਪੂਰਨ ਲੋੜ ਹੈ |

ਪਿਛਲੀ ਖ਼ਬਰ ਟਰੱਕ ਯੂਨੀਅਨ ਵਿਵਾਦ...-ਆਪ੍ਰੇਟਰਾਂ ਵਲੋਂ ਟਰੱਕ-ਟਰਾਲੇ ਖੜ੍ਹਾ ਕੇ ਭਗਤਾ ਭਾਈਕਾ ਵਿਖੇ ਕੀਤਾ ਰੋਡ ਅਗਲੀ ਖ਼ਬਰ ਚਰਚਿਤ ਨਸ਼ਾ ਤਸਕਰ ਔਰਤ ਦੀ ਝੌਂਪੜੀ 'ਤੇ ਪੀਲਾ ਪੰਜਾ ਚਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।