ਭਗਤਾ ਭਾਈਕਾ, 22 ਜੂਨ (ਸੁਖਪਾਲ ਸਿੰਘ ਸੋਨੀ)-ਪਿਛਲੇ ਕੁਝ ਸਮੇਂ ਤੋਂ ਸੁਰਖ਼ੀਆਂ ਵਿਚ ਚੱਲ ਰਹੀ ਸਥਾਨਕ ਸੰਤ ਮਹੇਸ ਮੁਨੀ ਟਰੱਕ ਆਪ੍ਰੇਟਰ ਵੈੱਲਫ਼ੇਅਰ ਸੁਸਾਇਟੀ ਦੀ ਅੱਜ ਨਵੀਂ ਚੋਣ ਉਪਰੰਤ ਵਿਵਾਦ ਮੁੜ ਛਿੜ ਗਿਆ ਹੈ | ਅੱਜ ਚੋਣ ਮੌਕੇ ਪ੍ਰਸ਼ਾਸਨ ਵਲੋਂ ਯੂਨੀਅਨ ਨਜ਼ਦੀਕ ਵੱਡੀ ਪੱਧਰ 'ਤੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਅਤੇ ਪਾਣੀ ਦੀਆਂ ਟੈਂਕੀਆਂ ਲਿਆਂਦੀਆਂ ਗਈਆਂ | ਪ੍ਰਸ਼ਾਸਨ ਵਲੋਂ ਅਮਨ ਸਾਂਤੀ ਬਣਾਈ ਰੱਖਣ ਲਈ ਅੱਜ ਚੋਣ ਸਮੇਂ ਯੂਨੀਅਨ ਅੰਦਰ ਮੌਜੂਦ ਵਿਰੋਧੀ ਧਿਰ ਨਾਲ ਸਬੰਧਿਤ ਕੁਝ ਟਰੱਕ ਆਪ੍ਰੇਟਰਾਂ ਨੂੰ ਦੂਰ ਕਰ ਦਿੱਤਾ ਗਿਆ | ਚੋਣ ਹੋਣ ਉਪਰੰਤ ਵਿਰੋਧੀ ਧਿਰ ਦੇ ਆਪ੍ਰੇਟਰਾਂ ਨੇ ਤੁਰੰਤ ਯੂਨੀਅਨ ਤੋਂ ਬਾਹਰ ਆ ਕੇ ਸਥਾਨਕ ਸ਼ਹਿਰ ਦੇ ਮੁੱਖ ਚੌਂਕ ਵਿਖੇ ਜਾਮ ਲਗਾ ਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ | ਧਰਨੇ ਕਾਰਨ ਸ਼ਹਿਰ 'ਚ ਆਵਾਜਾਈ ਬੇਹੱਦ ਪ੍ਰਭਾਵਿਤ ਹੋਈ | ਜਾਣਕਾਰੀ ਅਨੁਸਾਰ ਬੀਤੀ ਅਪ੍ਰੈਲ 'ਚ ਕਣਕ ਦੇ ਸੀਜ਼ਨ ਦੌਰਾਨ ਮਾਲ ਦੀ ਢੋਆ-ਢੁਆਈ ਨੂੰ ਲੈ ਕੇ ਯੂਨੀਅਨ ਅੰਦਰ ਛਿੜੇ ਵਿਵਾਦ ਦੌਰਾਨ ਆਪ੍ਰੇਟਰ ਲਗਾਤਾਰ ਪੜਤਾਲ ਉੱਪਰ ਰਹੇ | ਵਿਵਾਦ ਦੇ ਚੱਲਦੇ ਵੱਡੀ ਗਿਣਤੀ ਟਰੱਕ ਆਪ੍ਰੇਟਰਾਂ ਵਲੋਂ ਸਰਬਸੰਮਤੀ ਨਾਲ ਰਿਤੇਸ਼ ਕੁਮਾਰ ਰਿੰਕੂ ਨੂੰ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਸੀ | ਵਿਵਾਦ ਦੇ ਚੱਲਦੇ ਯੂਨੀਅਨ ਦੇ ਮੁਨਸ਼ੀ ਦੀ ਯੂਨੀਅਨ ਅੰਦਰ ਹੀ ਮੌਤ ਹੋ ਗਈ ਸੀ | ਇਸੇ ਦੌਰਾਨ ਹੀ ਆਪ ਆਗੂ ਬੂਟਾ ਸਿੰਘ ਜਲਾਲ ਅਤੇ ਨਵੇਂ ਬਣਾਏ ਪ੍ਰਧਾਨ ਰਿਤੇਸ਼ ਕੁਮਾਰ ਰਿੰਕੂ ਖ਼ਿਲਾਫ਼ ਮੁਕੱਦਮਾ ਵੀ ਦਰਜ ਹੋਇਆ | ਡਿਪਟੀ ਕਮਿਸ਼ਨਰ ਬਠਿੰਡਾ ਦੇ ਦਾਖ਼ਲ ਉਪਰੰਤ ਕਣਕ ਦੀ ਚੁਕਾਈ ਦਾ ਕੰਮ ਮੁਕੰਮਲ ਹੋਇਆ ਅਤੇ ਕੁਝ ਸਮੇਂ ਲਈ ਵਿਵਾਦ ਨੂੰ ਵੀ ਵਿਸਰਾਮ ਮਿਲਿਆ | ਅੱਜ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ ਚੋਣ ਦੌਰਾਨ ਆਪ ਦੇ ਯੂਥ ਆਗੂ ਪਰਮਜੀਤ ਸਿੰਘ ਕਾਂਗੜ ਨੂੰ ਪ੍ਰਧਾਨ, ਸੰਜੀਵ ਕੁਮਾਰ ਬੰਟੀ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਉਕਤ ਫ਼ੈਸਲੇ ਦਾ ਵਿਰੋਧੀ ਟਰੱਕ ਆਪ੍ਰੇਟਰਾਂ ਵਲੋਂ ਆਮ ਦੇ ਸੀਨੀਅਰ ਆਗੂ ਬੂਟਾ ਸਿੰਘ ਜਲਾਲ ਅਤੇ ਰਿਤੇਸ਼ ਕੁਮਾਰ ਰਿੰਕੂ ਦੀ ਅਗਵਾਈ ਹੇਠ ਧਰਨਾ ਲਗਾ ਕੇ ਵਿਰੋਧ ਕੀਤਾ ਗਿਆ | ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਆਪ ਆਗੂ ਬੂਟਾ ਸਿੰਘ ਜਲਾਲ ਨੇ ਕਿਹਾ ਕਿ ਉਹ ਟਰੱਕ ਆਪ੍ਰੇਟਰਾਂ ਦੇ ਹੱਕ ਵਿਚ ਹਨ, ਉਨ੍ਹਾਂ ਨੂੰ ਹੱਕ ਅਤੇ ਇਨਸਾਫ਼ ਦਿਵਾਉਣ ਲਈ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਟਰੱਕ ਆਪ੍ਰੇਟਰਾਂ ਨੂੰ ਪੂਰਾ ਭਾਅ ਨਾ ਮਿਲਣ ਕਰਕੇ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਦੀ ਚੋਣ ਸੱਤਾ ਦੀ ਸ਼ਹਿ 'ਤੇ ਥੋਪੀ ਨਾ ਜਾਵੇ, ਇਸ ਦੀ ਵੋਟਿੰਗ ਰਾਹੀ ਨਿਰਪੱਖ ਚੋਣ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਯੂਨੀਅਨ ਉੱਪਰ ਆਪ੍ਰੇਟਰਾਂ ਦਾ ਪੂਰਾ ਹੱਕ ਹੈ, ਪਰ ਚੋਣ ਦੌਰਾਨ ਉਨ੍ਹਾਂ ਦੀ ਕਿਸੇ ਵਲੋਂ ਪੁੱਛ-ਗਿੱਛ ਨਹੀ ਕੀਤੀ ਜਾਂਦੀ | ਅਜਿਹਾ ਹੋਣ ਕਾਰਨ ਆਪ੍ਰੇਟਰਾਂ ਦੀਆਂ ਮੰਗਾਂ ਜਿਉ ਤੋਂ ਤਿਉ ਹੀ ਲਟਕਦੀਆਂ ਆ ਰਹੀਆਂ ਹਨ | ਜਲਾਲ ਨੇ ਵਿਧਾਇਕ ਦੀ ਅਗਵਾਈ ਹੇਠ ਹੋਈ ਪ੍ਰਧਾਨ ਦੀ ਚੋਣ ਨੂੰ ਨਕਾਰਦੇ ਹੋਏ ਕਿਹਾ ਕਿ ਆਪ ਆਗੂਆਂ ਵਲੋਂ ਟਕਸਾਲੀ ਸਮਰਥਕਾਂ ਨੂੰ ਅੱਖੋਂ ਪਰੋਖੇ ਕਰਕੇ ਪਾਰਟੀ ਵਿਚ ਨਵੇਂ ਆਏ ਲੋਕਾਂ ਨੂੰ ਤਰਜੀਹ ਦੇ ਕੇ ਉਨ੍ਹਾਂ ਦਾ ਪਾਰਟੀ ਪ੍ਰਤੀ ਮਨੋਬਲ ਕਮਜ਼ੋਰ ਕੀਤਾ ਜਾ ਰਿਹਾ ਹੈ | ਯੂਥ ਆਗੂ ਰਿਤੇਸ਼ ਕੁਮਾਰ ਰਿੰਕੂ ਨੇ ਕਿਹਾ ਕਿ ਉਹ ਆਪ੍ਰੇਟਰਾਂ ਦੇ ਹੱਕਾਂ ਦੀ ਬਹਾਲੀ ਲਈ ਹਮੇਸ਼ਾ ਉਨ੍ਹਾਂ ਨਾਲ ਖੜੇ ਹਨ | ਉਨ੍ਹਾਂ ਕਿਹਾ ਕਿ ਡੀਸੀ ਬਠਿੰਡਾ ਵਲੋਂ ਯੂਨੀਅਨ ਦਾ ਕਾਰਜ ਚਲਾਉਣ ਲਈ ਪ੍ਰਬੰਧਕ ਲਗਾਇਆ ਹੋਇਆ ਹੈ | ਪ੍ਰਬੰਧਕ ਵਲੋਂ ਉਕਤ ਚੋਣ ਨੂੰ ਅਜੇ ਤੱਕ ਕੋਈ ਪ੍ਰਵਾਨਗੀ ਨਹੀ ਦਿੱਤੀ ਗਈ | ਉਨ੍ਹਾਂ ਨੇ ਅੱਜ ਦੀ ਚੋਣ ਨੂੰ ਗੁੰਮਰਾਹ ਕੁਨ ਕਰਾਰ ਦਿੱਤਾ | ਉਕਤ ਧਰਨੇ ਦੌਰਾਨ ਆਪ੍ਰੇਟਰਾਂ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵਲੋਂ ਵੀ ਹਮਾਇਤ ਕੀਤੀ ਗਈ | ਡੀ.ਐੱਸ.ਪੀ ਫੂਲ ਪ੍ਰਦੀਪ ਸਿੰਘ ਅਤੇ ਨਾਇਬ ਤਹਿਸੀਲਦਾਰ ਭਗਤਾ ਰਜੀਵ ਕੁਮਾਰ ਵਲੋਂ ਧਰਨਾਕਾਰੀਆਂ ਨੂੰ ਕੱਲ੍ਹ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਭਰੋਸੇ ਉਪਰੰਤ ਧਰਨਾ ਸਮਾਪਤ ਕਰਕੇ ਆਵਾਜਾਈ ਨੂੰ ਬਹਾਲ ਕੀਤਾ ਗਿਆ |
ਟਰੱਕ ਯੂਨੀਅਨ ਵਿਵਾਦ...-ਆਪ੍ਰੇਟਰਾਂ ਵਲੋਂ ਟਰੱਕ-ਟਰਾਲੇ ਖੜ੍ਹਾ ਕੇ ਭਗਤਾ ਭਾਈਕਾ ਵਿਖੇ ਕੀਤਾ ਰੋਡ
ਅਜੀਤ ਡੈਸਕ
23-06-2025