ਰਾਮਾਂ ਮੰਡੀ, 22 ਜੂਨ (ਤਰਸੇਮ ਸਿੰਗਲਾ)-ਅੱਜ ਬਾਅਦ ਦੁਪਹਿਰ 3:00 ਵਜੇ ਦੇ ਕਰੀਬ ਸਥਾਨਕ ਭਾਠ ਕਾਲੋਨੀ ਨੇੜੇ ਇੱਕ ਯੂਵਾ ਲੜਕੀ ਦੀ ਰੇਲ ਲਾਈਨ ਪਾਰ ਕਰਦੇ ਸਮੇਂ ਰੇਲਗੱਡੀ ਥੱਲੇ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ ਰਾਮਾਂ ਸਹਾਰਾ ਵੈੱਲਫੇਅਰ ਕਲੱਬ ਦੇ ਮੈਂਬਰ ਬੂਟਾ ਸਿੰਘ ਰਾਹੀਂ ਰੇਲਵੇ ਪੁਲਿਸ ਚੌਂਕੀ ਜੀਆਰਪੀ ਦੇ ਮੁਲਾਜ਼ਮਾਂ ਵਲੋਂ ਪੁਲਿਸ ਕਾਰਵਾਈ ਤੋਂ ਬਾਅਦ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਵਿਖੇ ਭੇਜਿਆ ਗਿਆ ਹੈ | ਮਿ੍ਤਕਾ ਦੀ ਪਹਿਚਾਣ ਵਿਸ਼ਾਲੀ (16) ਪੁੱਤਰੀ ਓਮਕਾਰ ਸਿੰਘ ਵਾਸੀ ਆਰੀਆ ਹਾਈ ਸਕੂਲ ਬੈਂਕ ਸਾਈਡ ਰਾਮਾਂ ਮੰਡੀ ਵਜੋਂ ਹੋਈ ਹੈ | ਮਿ੍ਤਕਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਧੀ ਵਿਸ਼ਾਲੀ ਸਰਕਾਰੀ ਕੰਨਿਆ ਸਕੂਲ ਵਿਖੇ ਨੌਵੀਂ ਜਮਾਤ ਵਿਚ ਪੜ੍ਹਦੀ ਸੀ | ਪਿਛਲੇ ਦਿਨੀਂ ਬਿਮਾਰ ਹੋ ਜਾਣ ਕਾਰਨ ਉਹ ਦਿਮਾਗ਼ੀ ਤੌਰ ਤੇ ਪ੍ਰੇਸ਼ਾਨ ਚੱਲ ਰਹੀ ਸੀ | ਅੱਜ ਲਾਈਨ ਪਾਰ ਕਰਦੇ ਸਮੇਂ ਉਸ ਦੀ ਧੀ ਅਚਾਨਕ ਰੇਲਗੱਡੀ ਥੱਲੇ ਆ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ |