ਲਹਿਰਾ ਮੁਹੱਬਤ, 22 ਜੂਨ (ਸੁਖਪਾਲ ਸਿੰਘ ਸੁੱਖੀ)- ਟੈਕਨੀਕਲ ਸਰਵਿਸ ਯੂਨੀਅਨ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਆਗੂਆਂ ਵਲੋਂ ਚੀਫ਼ ਇੰਜੀਨੀਅਰ ਤੇਜ ਬਾਂਸਲ ਨਾਲ ਮੁਲਾਜ਼ਮਾਂ ਦੀਆਂ ਅਹਿਮ ਮੰਗਾਂ ਸੰਬੰਧੀ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿੱਚ ਥਰਮਲ ਪਲਾਂਟ ਵਿੱਚ ਟਿੱਪਰਾਂ ਕਾਰਨ ਵਾਪਰੇ ਹਾਦਸੇ ਕਰਕੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕੋਲੇ ਦੀ ਰਾਖੀ ਦੀ ਢੋਆ ਢੁਆਈ ਲਈ ਆਉਣ ਵਾਲੇ ਟਰੱਕਾਂ/ ਟਿੱਪਰਾਂ ਦੀ ਮੁੱਖ ਗੇਟ ਦੀ ਥਾਂ ਵੱਖਰਾ ਰਸਤਾ ਬਣਾਉਣ ਬਾਰੇ ਗੱਲਬਾਤ ਕੀਤੀ ਤੇ ਚੀਫ਼ ਇੰਜੀਨੀਅਰ ਤੇਜ ਬਾਂਸਲ ਨੇ ਦੱਸਿਆ ਹੈੱਡ ਆਫ਼ਿਸ ਪਟਿਆਲਾ ਤੋਂ ਥਰਮਲ ਪਲਾਂਟ ਦੇ ਦੂਸਰਾ ਗੇਟ ਬਣਾਉਣ ਲਈ ਮਨਜ਼ੂਰੀ ਆਉਣ ਦੀ ਆਸ ਹੈ ਤੇ ਸਕਿਉਰਿਟੀ ਦੇ 20 ਪੈਸਕੋ ਦੇ ਕਰਮਚਾਰੀਆਂ ਦੀ ਮਨਜ਼ੂਰੀ ਮਿਲ ਗਈ ਹੈ | ਇੰਜੀਨੀਅਰ ਬਾਂਸਲ ਨੇ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੇਨ ਗੇਟ 'ਤੇ ਗਰਮੀ ਕਾਰਨ ਵੱਡਾ ਵਾਟਰ ਕੂਲਰ ਤੇ ਵੱਡਾ ਆਰ.ਓ ਲਾਉਣ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਭਖਦੀਆਂ ਲੋਕਲ ਮੰਗਾਂ ਸੰਬੰਧੀ ਮੀਟਿੰਗ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਜਥੇਬੰਦੀ ਨੂੰ ਚੀਫ਼ ਇੰਜੀਨੀਅਰ ਬਾਂਸਲ ਨੇ ਉਪਰੋਕਤ ਮੰਗਾਂ ਸਬੰਧੀ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਪੂਰੀਆਂ ਕੀਤੀਆਂ ਜਾਣਗੀਆਂ | ਇਸ ਮੀਟਿੰਗ ਵਿੱਚ ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ, ਮੀਤ ਪ੍ਰਧਾਨ ਜਗਦੀਪ ਸਿੰਘ, ਜਨਰਲ ਸਕੱਤਰ ਅੰਤਰ ਸਿੰਘ, ਪ੍ਰਚਾਰ ਸਕੱਤਰ ਪਿਆਰਾ ਸਿੰਘ ਤੇ ਸਲਾਹਕਾਰ ਰਵਿੰਦਰ ਕੁਮਾਰ ਰਾਮਪੁਰਾ ਫੂਲ ਹਾਜ਼ਰ ਸਨ |