25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਪਿੰਡ ਬੱਲ੍ਹੋ ਬਣਿਆ ਵਾਤਾਵਰਨ ਬਚਾਅ ਦਾ ਮਿਸਾਲੀ ਪਿੰਡ ਗ੍ਰਾਮ ਪੰਚਾਇਤ ਚੁੱਕੇਗੀ ਪਰਾਲੀ, ਤਰਨਜੋਤ ਸੁਸਾਇਟੀ ਦੇਵੇਗੀ 5 ਲੱਖ ਦਾ ਇਨਾਮ

ਅਜੀਤ ਡੈਸਕ 17-10-2025
ਚਾਉਕੇ, 16 ਅਕਤੂਬਰ (ਮਨਜੀਤ ਸਿੰਘ ਘੜੈਲੀ)- ਪਿੰਡ ਬੱਲ੍ਹੋ ਨੇ ਵਾਤਾਵਰਨ ਦੀ ਸੁਰੱਖਿਆ ਲਈ ਪ੍ਰੇਰਣਾਦਾਇਕ ਕਦਮ ਚੁੱਕਿਆ ਹੈ | ਗ੍ਰਾਮ ਪੰਚਾਇਤ ਬੱਲ੍ਹੋ ਨੇ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਦੇ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਚੁੱਕਣ ਦਾ ਵੱਡਾ ਫ਼ੈਸਲਾ ਲਿਆ ਹੈ ਤਾਂ ਜੋ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਅ ਹੋ ਸਕੇ | ਮਹਿਲਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ ਵਿਚ ਮਤਾ ਪਾਸ ਕੀਤਾ ਗਿਆ ਕਿ ਇੱਕ ਬੇਲਰ ਮਸ਼ੀਨ ਲਗਾਈ ਜਾਵੇਗੀ ਜੋ ਵਾਰੀ ਮੁਤਾਬਿਕ ਕਿਸਾਨਾਂ ਦੇ ਖੇਤਾਂ 'ਚੋਂ ਪਰਾਲੀ ਦੀਆਂ ਗੱਠਾਂ ਤਿਆਰ ਕਰੇਗੀ | ਕਿਸਾਨ ਆਪਣਾ ਨਾਮ ਗ੍ਰਾਮ ਪੰਚਾਇਤ ਜਾਂ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਕੋਲ ਦਰਜ ਕਰਵਾ ਸਕਣਗੇ | ਇਸ ਉਪਰਾਲੇ ਨਾਲ ਕਿਸਾਨਾਂ ਨੂੰ ਵਾਧੂ ਖ਼ਰਚ ਦਾ ਭਾਰ ਨਹੀਂ ਝੱਲਣਾ ਪਵੇਗਾ | ਤਰਨਜੋਤ ਵੈੱਲਫ਼ੇਅਰ ਸੁਸਾਇਟੀ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਜੇਕਰ ਸਮੁੱਚੇ ਪਿੰਡ ਦੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ, ਤਾਂ ਉਹ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਮ ਪੰਚਾਇਤ ਨੂੰ 5 ਲੱਖ ਰੁਪਏ ਦਾ ਇਨਾਮੀ ਦਾਨ ਵਜੋਂ ਦੇਣਗੇ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਗ੍ਰਾਮ ਪੰਚਾਇਤ ਨਾਲ ਮਿਲਕੇ ਪਿੰਡ ਨੂੰ 'ਸਿਹਤਮੰਦ ਤੇ ਨਮੂਨੇ ਦਾ ਪਿੰਡ' ਬਣਾਉਣ ਦਾ ਟੀਚਾ ਰੱਖਿਆ ਗਿਆ ਹੈ | ਸਰਪੰਚ ਅਮਰਜੀਤ ਕੌਰ ਨੇ ਕਿਹਾ ਕਿ ਪੰਚਾਇਤ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਅਮਲ ਕਰਦਿਆਂ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਚਾਰ ਤੇ ਪ੍ਰਬੰਧ ਦੋਵੇਂ ਕਰ ਰਹੀ ਹੈ | ਗੌਰਤਲਬ ਹੈ ਕਿ ਤਰਨਜੋਤ ਵੈੱਲਫ਼ੇਅਰ ਸੁਸਾਇਟੀ ਤੇ ਪੰਚਾਇਤ ਨੇ ਪਿਛਲੇ ਝੋਨੇ ਦੇ ਸੀਜ਼ਨ ਦੌਰਾਨ ਵੀ ਸਿੱਧੀ ਬਿਜਾਈ ਕਰਨ ਵਾਲੇ ਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 500 ਪ੍ਰਤੀ ਏਕੜ ਦੇ ਹਿਸਾਬ ਨਾਲ ਮਾਣ ਭੱਤਾ ਦਿੱਤਾ ਸੀ | ਗ੍ਰਾਮ ਸੇਵਕ ਪਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਚਾਇਤ ਨੇ ਵਾਤਾਵਰਨ ਸੰਭਾਲ ਲਈ ਹੋਰ ਵੀ ਕਈ ਉਪਰਾਲੇ ਕੀਤੇ ਹਨ- ਪਲਾਸਟਿਕ ਵੈਸਟ ਮੈਨੇਜਮੈਂਟ ਯੂਨਿਟ, ਸੁੱਕੇ ਤੇ ਗਿੱਲੇ ਕੂੜੇ ਦੇ ਵੱਖ-ਵੱਖ ਪਿੱਟ, ਥਾਪਰ ਮਾਡਲ ਛੱਪੜ, ਮਿੰਨੀ ਜੰਗਲ ਅਤੇ ਸਾਂਝੀਆਂ ਥਾਵਾਂ 'ਤੇ ਪੌਦੇ ਲਗਾਉਣ ਜਿਹੇ ਪ੍ਰੋਜੈਕਟ ਸਫਲਤਾਪੂਰਵਕ ਚੱਲ ਰਹੇ ਹਨ | ਇਸ ਮੌਕੇ ਪੰਚ ਹਰਬੰਸ ਸਿੰਘ, ਕਰਮਜੀਤ ਸਿੰਘ ਫ਼ੌਜੀ, ਜਗਸੀਰ ਸਿੰਘ, ਹਾਕਮ ਸਿੰਘ, ਰਾਮ ਸਿੰਘ, ਹਰਵਿੰਦਰ ਕੌਰ, ਰਾਜਵੀਰ ਕੌਰ, ਪਰਮਜੀਤ ਕੌਰ ਅਤੇ ਰਣਜੀਤ ਕੌਰ ਹਾਜ਼ਰ ਸਨ |
ਪਿਛਲੀ ਖ਼ਬਰ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਕੰਪਨੀਆਂ ਦੁਆਰਾ ਕੀਤੀ ਜਾ ਰਹੀ ਲੁੱਟ ਦਾ ਵਿਰੋਧ ਅਗਲੀ ਖ਼ਬਰ ਪਸ਼ੂ ਪਾਲਣ ਵਿਭਾਗ ਵਲੋਂ ਪੰਜਾਬ 'ਚ ਦੁੱਧ ਚੁਆਈ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।