ਬਠਿੰਡਾ, 16 ਅਕਤੂਬਰ (ਪੱਤਰ ਪ੍ਰੇਰਕ)-ਬਠਿੰਡਾ ਅਦਾਲਤ ਨੇ ਸਾਢੇ 6 ਸਾਲ ਪਹਿਲਾ ਘਰ 'ਚ ਪੋਸਤ ਦੇ ਹਰੇ ਬੂਟੇ ਉਗਾਉਣ ਦੇ ਦੋਸ਼ 'ਚ ਨਾਮਜ਼ਦ ਇਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜ਼ਿਕਰਯੋਗ ਹੈ ਕਿ 27 ਮਾਰਚ 2019 ਨੂੰ ਥਾਣਾ ਸੰਗਤ ਦੀ ਪੁਲਿਸ ਨੂੰ ਮੁਖ਼ਬਰੀ ਹੋਈ ਕਿ ਹਰਚਰਨ ਸਿੰਘ ਵਾਸੀ ਪਿੰਡ ਬਾਂਡੀ ਨੇ ਆਪਣੇ ਘਰ ਦੇ ਵਿਹੜੇ ਵਿਚ ਪੋਸਤ ਡੋਡਾ ਦੇ ਪੌਦੇ ਲਾ ਕੇ ਖੇਤੀ ਕਰਦਾ ਹੈ ਅਤੇ ਉਨ੍ਹਾਂ ਛਟੀਆਂ ਦੇ ਛੌਰ ਪਾਸੇ ਲਾ ਕੇ ਛੋਟੀ ਜਿਹੀ ਕਿਆਰੀ ਬਣਾ ਕੇ ਪੋਸਤ ਡੋਡੇ ਦੇ ਹਰੇ ਪੌਦੇ ਲਾਏ ਹੋਏ ਹਨ | ਜਿਸ ਮਗਰੋਂ ਪੁਲਿਸ ਨੇ ਸਹਾਇਕ ਥਾਣੇਦਾਰ ਤਰਲੋਕ ਚੰਦ ਸਮੇਤ ਪੁਲਿਸ ਪਾਰਟੀ ਨੇ ਹਰਚਰਨ ਸਿੰਘ ਦੇ ਘਰ 'ਤੇ ਛਾਪਾ ਮਾਰਿਆ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੇ ਘਰ ਦੇ ਵਿਹੜੇ ਵਿਚ ਇਕ ਛੋਟੀ ਕਿਆਰੀ ਬਣਾ ਕੇ ਹਰੇ ਪੌਦੇ ਪੋਸਤ ਡੋਡਾ ਲਾਏ ਹੋਏ ਸਨ | ਹਰੇ ਪੌਦੇ ਪੁੱਟਣ 'ਤੇ ਵਜ਼ਨ ਕੀਤਾ ਤਾਂ ਫੁੱਲਾਂ ਡੋਡੇ ਸਮੇਤ ਪੌਦੇ ਡੋਡੇ 6 ਕਿੱਲੋ 500 ਗ੍ਰਾਮ ਪਾਏ ਗਏ | ਪਿੱਛੋਂ ਪੁਲਿਸ ਨੇ ਹਰਚਰਨ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਉਸ ਦੇ ਖ਼ਿਲਾਫ਼ ਧਾਰਾ 15, 61,85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ | ਬਾਅਦ ਵਿਚ ਪੁਲਿਸ ਨੇ ਉਸ ਦੇ ਲੜਕੇ ਬਲਜਿੰਦਰ ਸਿੰਘ ਨੂੰ ਵੀ ਪਰਚੇ 'ਚ ਨਾਮਜ਼ਦ ਕਰ ਲਿਆ ਸੀ | ਇਸ ਕੇਸ ਦੀ ਪੈਰਵਾਈ ਲਈ ਹਰਚਰਨ ਸਿੰਘ ਨੇ ਵਕੀਲ ਹਰਪਾਲ ਸਿੰਘ ਖਾਰਾ ਨੂੰ ਮੁਕੱਰਰ ਕੀਤਾ, ਜਿਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋਣ ਅਤੇ ਸਬੂਤਾਂ ਦੀ ਘਾਟ ਦੇ ਚੱਲਦਿਆਂ ਅਦਾਲਤ ਨੇ ਬਲਜਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ | ਜਦਕਿ ਚਲਦੇ ਕੇਸ ਦੌਰਾਨ ਹਰਚਰਨ ਸਿੰਘ ਦੀ ਮੌਤ ਹੋ ਚੁੱਕੀ ਹੈ |