ਲਹਿਰਾ ਮੁਹੱਬਤ, 23 ਅਕਤੂਬਰ (ਚਰਨਜੀਤ ਸਿੰਘ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੀ ਮੀਟਿੰਗ ਸਥਾਨਕ ਡੇਰਾ ਬਾਬਾ ਬਹਾਲੀ ਰਾਮ ਜੀ ਵਿਖੇ ਹੋਈ | ਜਿਸ ਵਿੱਚ ਜਥੇਬੰਦੀ ਆਗੂਆਂ ਨੇ ਪਰਾਲੀ ਦੇ ਪ੍ਰਬੰਧਾਂ ਸਬੰਧੀ ਵਿਚਾਰ ਚਰਚਾ ਕੀਤੀ | ਇਸ ਦੌਰਾਨ ਇਕਾਈ ਪ੍ਰਧਾਨ ਸੁਖਚਰਨ ਸਿੰਘ, ਮੀਤ ਪ੍ਰਧਾਨ ਜਿਊਣ ਸਿੰਘ, ਸਕੱਤਰ ਅਵਤਾਰ ਸਿੰਘ, ਖ਼ਜ਼ਾਨਚੀ ਮੇਜਰ ਸਿੰਘ, ਬਲਾਕ ਜਨਰਲ ਸਕੱਤਰ ਜਗਦੇਵ ਸਿੰਘ, ਮੀਤ ਪ੍ਰਧਾਨ ਜਗਰਾਜ ਸਿੰਘ ਪਾਲੀ, ਕੁਲਵਿੰਦਰ ਸਿੰਘ, ਹਰਦੀਪ ਸਿੰਘ ਬਚੀ, ਬਲੌਰ ਸਿੰਘ ਪਟਵਾਰੀ ਤੋਂ ਇਲਾਵਾ ਪਿੰਡ ਦੇ ਕਿਸਾਨ ਵੀ ਮੌਜੂਦ ਸਨ | ਉਨ੍ਹਾਂ ਕਿਹਾ ਕਿ ਬਠਿੰਡੇ ਦੇ ਡਿਪਟੀ ਕਮਿਸ਼ਨਰ, ਐਸਐਸਪੀ ਸਾਹਿਬ ਦੀ ਮੌਜੂਦਗੀ 'ਚ ਖੇਤੀਬਾੜੀ ਵਿਭਾਗ ਵਲੋਂ ਪਿੰਡ 'ਚ ਵੱਡਾ ਇਕੱਠ ਕਰਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਗਈ ਸੀ | ਪ੍ਰਸ਼ਾਸਨ ਵਲੋਂ ਦਾਅਵੇ ਕੀਤੇ ਗਏ ਸਨ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨਰੀ ਉਪਲਬਧ ਹੈ, ਪ੍ਰੰਤੂ ਜ਼ਮੀਨੀ ਹਕੀਕਤਾਂ ਇਸ ਤੋਂ ਕੋਹਾਂ ਦੂਰ ਹਨ | ਕਿਸਾਨ ਇਸ ਮਸਲੇ ਸਬੰਧੀ ਪਹਿਲਾ ਹੀ ਵਧੇਰੇ ਜਾਗਰੂਕ ਹਨ, ਜਦੋਂ ਕਿ ਸਰਕਾਰ ਨੂੰ ਆਪਣੇ ਵਾਅਦਿਆਂ 'ਤੇ ਪੂਰਾ ਉੱਤਰਨ ਦੀ ਲੋੜ ਹੈ | ਕਿਸਾਨਾਂ ਨੇ ਝੋਨਾ ਵੱਢਣ ਉਪਰੰਤ ਰੀਪਰ ਨਾਲ ਪਰਾਲੀ ਕੱਟ ਕੇ ਖੇਤਾਂ 'ਚ ਸੁਕਾ ਰੱਖੀ ਹੈ ਤੇ ਗੱਠਾਂ ਬਣਾਉਣ ਵਾਲੀਆਂ ਮਸ਼ੀਨਾਂ ਦੀ ਉਡੀਕ ਕਰ ਰਹੇ ਹਨ | ਹਫ਼ਤੇ ਦਾ ਸਮਾਂ ਬੀਤ ਚੁੱਕਾ ਹੈ, ਹੁਣ ਵੱਧ ਤੋਂ ਵੱਧ ਇੱਕ ਹੋਰ ਹਫ਼ਤਾ ਉਡੀਕਿਆ ਜਾ ਸਕਦਾ ਹੈ | ਇਸ ਤੋਂ ਬਾਅਦ ਕਣਕ ਬੀਜਣਯੋਗ ਨਮੀ ਖੇਤਾਂ 'ਚ ਮੌਜੂਦ ਨਹੀਂ ਰਹੇਗੀ | ਕਿਸਾਨਾਂ ਕੋਲ ਇਨ੍ਹਾਂ ਸਮਾਂ ਤੇ ਸਾਧਨ ਨਹੀਂ ਕਿ ਉਹ ਇਕੱਲਿਆਂ ਹੀ ਇਸ ਸਮੱਸਿਆ ਦਾ ਹੱਲ ਕਰ ਸਕਦੇ ਹਨ | ਕਿਸਾਨਾਂ ਨੂੰ ਤਾਂ ਪਹਿਲਾਂ ਹੀ ਫ਼ਸਲ ਦੇ ਘੱਟ ਝਾੜ ਕਾਰਨ ਆਰਥਿਕ ਬੋਝ ਪੈਣ ਦਾ ਖ਼ਤਰਾ ਸਤਾ ਰਿਹਾ ਹੈ | ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਜ਼ਮੀਨੀ ਹਕੀਕਤਾਂ ਨੂੰ ਮੱਦੇਨਜ਼ਰ ਰੱਖਦਿਆਂ ਜਲਦ ਤੋਂ ਜਲਦ ਕਿਸਾਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ ਜਾਵੇ | ਜੇਕਰ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਜਥੇਬੰਦੀ ਅਗਲੇ ਐਕਸ਼ਨ ਲਈ ਮਜਬੂਰ ਹੋਵੇਗੀ |