ਤਲਵੰਡੀ ਸਾਬੋ, 23 ਅਕਤੂਬਰ (ਰਣਜੀਤ ਸਿੰਘ ਰਾਜੂ)- ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ 24 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਉੱਪ ਕੁਲਪਤੀ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਅੱਠ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ਵਿਚ ਭਾਰਤ ਦੀਆਂ 168 ਯੂਨੀਵਰਸਿਟੀਆਂ ਦੇ 1400 ਤੋਂ ਵੱਧ ਤੀਰ-ਅੰਦਾਜ਼ 99 ਤਗਮਿਆਂ ਤੇ ਨਿਸ਼ਾਨਾ ਲਾਉਣਗੇ | ਉਨ੍ਹਾਂ ਦੱਸਿਆ ਕਿ ਜੀ.ਕੇ.ਯੂ. ਦੇ ਡਾਇਰੈਕਟੋਰੇਟ ਆਫ਼ ਸਪੋਰਟਸ ਵਲੋਂ 2022 ਤੋਂ ਸਫਲਤਾ ਪੂਰਵਕ ਆਯੋਜਿਤ ਕੀਤੀਆਂ ਗਈਆਂ ਚੈਂਪੀਅਨਸ਼ਿਪ ਅਤੇ ਸ਼ਾਨਦਾਰ ਪ੍ਰਬੰਧਨ ਨੂੰ ਮੱਦੇਨਜ਼ਰ ਰੱਖਦੇ ਹੋਏ ਏ.ਆਈ.ਯੂ. ਵਲੋਂ ਇਸ ਦੀ ਮੇਜ਼ਬਾਨੀ ਜੀ.ਕੇ.ਯੂ. ਨੂੰ ਸੌਂਪੀ ਗਈ ਹੈ | ਜਿਸ ਦੇ ਪ੍ਰਬੰਧਨ ਲਈ ਯੂਨੀਵਰਸਿਟੀ ਦੇ ਸਮੂਹ ਅਧਿਕਾਰੀਆਂ, ਖਿਡਾਰੀਆਂ, ਕੋਚ ਅਤੇ ਸਟਾਫ਼ ਵਲੋਂ ਪੂਰੀ ਤਿਆਰੀ ਕਰ ਲਈ ਗਈ ਹੈ | ਉੱਧਰ ਪਹਿਲੇ ਦਿਨ ਹੋਣ ਵਾਲੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋ. (ਡਾ.) ਰਾਜ ਕੁਮਾਰ ਸ਼ਰਮਾ ਡਾਇਰੈਕਟਰ (ਖੇਡਾਂ) ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਆਗਾਜ਼ ਮੁੱਖ ਮਹਿਮਾਨ ਪਦਮ ਸ੍ਰੀ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਧੰਜੂ ਵਲੋਂ ਕੀਤਾ ਜਾਵੇਗਾ | ਇਸ ਮੌਕੇ ਦ੍ਰੋਣਾਚਾਰਿਆ ਐਵਾਰਡੀ ਜੀਵਨਜੋਤ ਸਿੰਘ ਤੇਜਾ ਡਾਇਰੈਕਟਰ ਟ੍ਰੇਨਿੰਗ ਐਂਡ ਕਰੀਕੁਲਮ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ | ਉਨ੍ਹਾਂ ਇਹ ਵੀ ਦੱਸਿਆ ਕਿ ਚੈਂਪੀਅਨਸ਼ਿਪ ਦੇ ਮਸ਼ਾਲ ਆਯੋਜਨ ਦੀ ਅਗਵਾਈ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਸੋਨ ਪਦਕ ਜੇਤੂ ਖ਼ੁਸ਼ਹਾਲ ਦਲਾਲ, ਅਰਜੁਨ ਐਵਾਰਡੀ ਅਦਿਤੀ ਗੋਪੀ ਚੰਦ ਤੇ ਓਜਸ ਪਰਵੀਨ ਡਿਉਟੇਲ, ਜੀ.ਕੇ.ਯੂ. ਦੀ ਖਿਡਾਰਨ ਭਜਨ ਕੌਰ ਓਲੰਪੀਅਨ ਵੱਲੋਂ ਕੀਤੀ ਜਾਵੇਗੀ | ਉਨ੍ਹਾਂ ਮੁਤਾਬਿਕ ਇਸ ਮੌਕੇ ਜੀ.ਕੇ.ਯੂ. ਦੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਖਿਡਾਰੀਆਂ ਵਲੋਂ ਪੇਸ਼ ਕੀਤਾ ਜਾਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਅਤੇ ਭੰਗੜਾ ਦਰਸ਼ਕਾਂ ਦੇ ਆਕਰਸ਼ਨ ਦਾ ਕੇਂਦਰ ਰਹੇਗਾ |