ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਜ਼ਿਲੇ੍ਹ ਦੇ ਇਕ ਸਰਕਾਰੀ ਸਕੂਲ ਦੀ ਕੰਧ ਉਪਰ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ | ਨਾਅਰੇ ਕਿਸ ਨੇ ਲਿਖੇ ਹਨ, ਇਸ ਬਾਰੇ ਅਜੇ ਪਤਾ ਨਹੀਂ ਚੱਲ ਸਕਿਆ ਪ੍ਰੰਤੂ ਪੁਲਿਸ ਨੇ ਇਕ ਵਾਰ ਨਾਮਾਲੂਮ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਜਗਮੀਤ ਸਿੰਘ ਐਸ.ਪੀ. ਇਨਵੈਸਟੀਗੇਸ਼ਨ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਥਾਣਾ ਰਾਮਾਂ ਅਧੀਨ ਪੈਂਦੇ ਪਿੰਡ ਮਾਨਵਾਲਾ ਸਥਿਤ ਸਰਕਾਰੀ ਸਕੂਲ ਦੀ ਕੰਧ 'ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਕਾਲੀ ਸਿਆਹੀ ਨਾਲ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਿਖੇ ਗਏ ਸਨ, ਜਿਸ ਦਾ ਪਤਾ ਚੱਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਲਖ ਮੱਲ ਕੇ ਨਾਅਰਿਆਂ ਨੂੰ ਮਿਟਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਅਜੇ ਨਾਅਰੇ ਲਿਖਣ ਵਾਲਿਆਂ ਦਾ ਪਤਾ ਨਹੀਂ ਚੱਲ ਸਕਿਆ ਪਰ ਪੁਲਿਸ ਵਲੋਂ ਅਣਪਛਾਤਿਆਂ 'ਤੇ ਮੁਕੱਦਮਾ ਦਰਜ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਨਾਅਰੇ ਲਿਖਣ ਵਾਲੇ ਕੌਣ ਸਨ |