21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪ੍ਰਸ਼ਾਸਨ ਦੇ ਨੱਕ ਹੇਠ ਧੜੱਲੇ ਨਾਲ ਬਠਿੰਡਾ ਸ਼ਹਿਰ 'ਚ ਚੱਲ ਰਹੇ ਟਿਊਸ਼ਨ ਸੈਂਟਰ

ਅਜੀਤ ਡੈਸਕ 24-10-2025
ਬਠਿੰਡਾ, 23 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਸ਼ਹਿਰ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਨੱਕ ਹੇਠ ਧੜੱਲੇ ਨਾਲ ਟਿਊਸ਼ਨ ਸੈਂਟਰ ਚੱਲ ਰਹੇ ਹਨ, ਜਿੰਨ੍ਹਾਂ ਦੀ ਕਿ ਗਿਣਤੀ 2-4 ਨਹੀਂ, ਬਲਕਿ ਸੈਂਕੜਿਆਂ ਦੀ ਗਿਣਤੀ ਵਿਚ ਹੈ | ਇਨ੍ਹਾਂ ਟਿਊਸ਼ਨਾਂ ਸੈਂਟਰਾਂ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੰਕੈਡਰੀ ਬਠਿੰਡਾ ਕੋਲ ਵੀ ਮੌਜੂਦ ਨਹੀ ਹੈ | ਇਸ ਦਾ ਖ਼ੁਲਾਸਾ ਸੂਚਨਾ ਦਾ ਅਧਿਕਾਰ ਕਾਨੂੰਨ 2005 ਦੇ ਅਧੀਨ ਦਿੱਤੀ ਗਈ ਸੂਚਨਾ ਦੇ ਅਧਾਰ 'ਤੇ ਹੋਇਆ ਹੈ | ਦੱਸਣਾ ਬਣਦਾ ਹੈ, ਕਿ ਬਠਿੰਡਾ ਇਕ ਐਜੂਕੇਸ਼ਨ ਹੱਬ ਬਣ ਚੁੱਕਿਆ ਹੈ, ਜਿੱਥੇ ਰੋਜ਼ਾਨਾ ਦੂਰ-ਦੁਰਾਡੇ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਹਜ਼ਾਰਾਂ ਦੀ ਗਿਣਤੀ 'ਚ ਮੁੰਡੇ ਕੁੜੀਆਂ ਟਿਊਸ਼ਨ ਪੜ੍ਹਨ ਲਈ ਆਉਂਦੇ ਹਨ | ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਬਠਿੰਡਾ 'ਚ ਪੜ੍ਹੇ-ਲਿਖੇ ਬਹੁਤ ਸਾਰੇ ਬੱਚੇ ਅੱਜ ਉੱਚੇ ਮੁਕਾਮ 'ਤੇ ਪਹੁੰਚ ਗਏ ਹਨ ਤੇ ਕਈ ਬੱਚੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਵਿਚ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ, ਪਰ ਹੈਰਾਨੀ ਵਾਲੀ ਗੱਲ ਹੈ, ਕਿ ਇਸ ਸਮੇਂ ਬਠਿੰਡਾ ਸ਼ਹਿਰ ਦੇ ਵਿਚ ਸੈਂਕੜਿਆਂ ਦੀ ਗਿਣਤੀ 'ਚ ਟਿਊਸ਼ਨ ਸੈਂਟਰ ਖੁੱਲ੍ਹੇ ਹੋਣ ਦੇ ਬਾਵਜੂਦ ਇਹਨਾਂ ਟਿਊਸ਼ਨ ਸੈਂਟਰਾਂ ਸੰਬੰਧੀ ਬਠਿੰਡਾ ਪ੍ਰਸ਼ਾਸਨ ਦੇ ਕੋਲ ਕੋਈ ਵੀ ਕਿਸੇ ਕਿਸਮ ਦਾ ਰਿਕਾਰਡ ਨਹੀਂ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ, ਕਿ ਜੇਕਰ ਸ਼ਹਿਰ ਵਿਚ ਕੋਈ ਵੀ ਵਿਅਕਤੀ ਆਈਲੈਂਟਸ ਜਾਂ ਇਮੀਗੇ੍ਰਸ਼ਨ ਦਾ ਦਫ਼ਤਰ ਖੋਲ੍ਹਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਮਨਜੂਰੀਆ ਅਤੇ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ ਤੇ ਫਾਇਰ ਸੇਫ਼ਟੀ ਸਿਸਟਮ ਤੱਕ ਵੀ ਲਗਾਉਣਾ ਪੈਂਦਾ ਹੈ ਤੇ ਲਾਇਸੰਸ ਲੈਣਾ ਲਾਜ਼ਮੀ ਹੁੰਦਾ ਹੈ, ਪਰ ਜੇਕਰ ਸ਼ਹਿਰ ਵਿਚ ਖੋਲ੍ਹੇ ਗਏ ਟਿਊਸ਼ਨ ਸੈਂਟਰਾਂ 'ਚ ਕੋਈ ਅਣਹੋਣੀ ਘਟਨਾ ਵਾਪਰਦੀ ਹੈ, ਤਾਂ ਇਸ ਦਾ ਜ਼ਿੰਮੇਵਾਰ ਕੋਣ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ, ਕਿ ਇਹਨਾਂ ਟਿਊਸ਼ਨ ਸੈਂਟਰਾਂ ਦੇ ਸੰਚਾਲਕਾ ਵਲੋਂ ਮਨਮਰਜ਼ੀ ਨਾਲ ਮੋਟੀਆਂ ਫ਼ੀਸਾਂ ਵਸੂਲੀਆਂ ਜਾ ਰਹੀਆਂ ਹਨ | ਜਿਸ ਕਾਰਨ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਮੋਟਾ ਚੂਨਾ ਲਗਾਉਣ ਦਾ ਖ਼ਦਸ਼ਾ ਹੈ | ਜਦੋਂ ਆਰਟੀਆਈ ਰਾਹੀ ਮੰਗੀ ਗਈ ਸੂਚਨਾ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੰਕੈਡਰੀ ਮਮਤਾ ਖੁਰਾਣਾ ਸੇਠੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਟਿਊਸ਼ਨਾਂ ਸੈਂਟਰਾਂ ਸੰਬੰਧੀ ਉਨ੍ਹਾਂ ਕੋਲ ਕੋਈ ਵੀ ਰਿਕਾਰਡ ਮੌਜੂਦ ਨਹੀ ਹੈ, ਇਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਸਬੰਧਿਤ ਹੈ | ਜਦਕਿ ਡਿਪਟੀ ਕਮਿਸ਼ਨਰ ਦਫ਼ਤਰ ਦੇ ਅਧਿਕਾਰੀਆਂ ਵਲੋਂ ਆਰਟੀਆਈ ਰਾਹੀ ਇਸ ਸੂਚਨਾ ਦਾ ਰਿਕਾਰਡ ਸਿੱਖਿਆ ਵਿਭਾਗ ਦੇ ਅਧਿਕਾਰੀ ਨਾਲ ਸਬੰਧਿਤ ਹੋਣ ਦਾ ਕਿਹਾ ਗਿਆ ਹੈ, ਪਰ ਸ਼ਹਿਰ ਵਿਚ ਧੜੱਲੇ ਨਾਲ ਚੱਲ ਰਹੇ ਇਹਨਾਂ ਟਿਊਸ਼ਨਾਂ ਸੈਂਟਰਾਂ ਦੇ ਲਈ ਕੋਈ ਵੀ ਰੂਲਜ਼ ਨਿਯਮ ਨਹੀ ਹਨ | ਇਸ ਤੋਂ ਸਾਫ਼ ਪਤਾ ਚੱਲ ਰਿਹਾ ਹੈ ਕਿ ਆਪਣੇ ਦੇਸ਼ ਦਾ ਭਵਿੱਖ ਕਹੇ ਜਾਣ ਵਾਲੇ ਬੱਚਿਆਂ ਦੀਆਂ ਜ਼ਿੰਦਗੀਆਂ ਦੇ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾ ਰਿਹਾ ਹੈ |
ਇਹ ਸੂਚਨਾ ਦੀ ਕੀਤੀ ਗਈ ਸੀ ਮੰਗ
ਟਿਊਸ਼ਨ ਸੈਂਟਰਾਂ ਦੇ ਨਾਂਅ ਅਤੇ ਪੂਰਾ ਪਤੇ ਦੀ ਮੰਗ, ਟਿਊਸ਼ਨ ਸੈਂਟਰ ਖੋਲ੍ਹਣ ਦੇ ਲਈ ਹਦਾਇਤਾਂ ਦੀ ਕਾਪੀ ਦੀ ਮੰਗ, ਟਿਊਸ਼ਨ ਸੈਂਟਰਾਂ 'ਚ ਪੜ੍ਹਨ ਵਾਲੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਬਿਲਡਿੰਗ ਸੰਬੰਧੀ ਜਾਣਕਾਰੀ, ਟਿਊਸ਼ਨ ਸੈਂਟਰ ਦੇ ਖੋਲ੍ਹਣ ਲਈ ਕੋਈ ਮਨਜ਼ੂਰੀ ਜਾਂ ਲਾਇਸੰਸ ਦੀ ਲੋੜ ਪੈਂਦੀ ਹੈ |
ਪਿਛਲੀ ਖ਼ਬਰ ਟਰਾਲੀ ਵਿਚੋਂ ਝੋਨੇ ਦੀਆਂ ਗੱਠਾਂ ਡਿਗਣ ਕਾਰਨ ਮੋਟਰਸਾਈਕਲ ਸਵਾਰ ਔਰਤ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦਰਸ਼ਨ ਸਿੱਧੂ ਦਾ ਨਗਰ ਪੰਚਾਇਤ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।