16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਮਾਮਲਾ ਪਰਾਲੀ ਸਾੜਨ ਦਾ-ਜਥੇਬੰਦੀਆਂ ਵਲੋਂ ਜੋਗਾ ਥਾਣੇ ਦਾ ਘਿਰਾਓ ਕਰਨ ਉਪਰੰਤ ਗਿ੍ਫ਼ਤਾਰ ਕਿਸਾਨ ਰਿਹਾਅ <br/>

ਥਾਣਾ ਜੋਗਾ ਦਾ ਘਿਰਾਓ ਕਰਨ ਸਮੇਂ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਸੀਰ ਸਿੰਘ ਜਵਾਹਰਕੇ | ਅਜੀਤ ਤਸਵੀਰ <br/> 07-11-2025

ਜੋਗਾ (ਮਾਨਸਾ), 6 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਹਰਜਿੰਦਰ ਸਿੰਘ ਚਹਿਲ)-ਪਰਾਲੀ ਸਾੜਨ ਦੇ ਮਾਮਲੇ 'ਚ ਪਿੰਡ ਬੁਰਜ ਢਿੱਲਵਾਂ ਦੇ ਕਿਸਾਨ ਬਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਥਾਣਾ ਜੋਗਾ ਦਾ ਘਿਰਾਓ ਕਰ ਲਿਆ ਗਿਆ | ਦੱਸਣਯੋਗ ਹੈ ਕਿ ਪ੍ਰਸ਼ਾਸਨ ਵਲੋਂ ਨਾਮਜ਼ਦ ਟੀਮਾਂ ਵਲੋਂ ਸੈਟੇਲਾਈਟ 'ਤੇ ਪਰਾਲੀ ਸਾੜਨ ਦੀ ਰਿਪੋਰਟ ਮਿਲਣ 'ਤੇ ਇਹ ਗਿ੍ਫ਼ਤਾਰੀ ਕੀਤੀ ਗਈ ਸੀ | ਜਿਉਂ ਹੀ ਇਸ ਦੀ ਭਿਣਕ ਜਥੇਬੰਦੀਆਂ ਦੇ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਥਾਣੇ ਦਾ ਘਿਰਾਓ ਕਰਕੇ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਕਿਸਾਨ ਨੂੰ ਰਿਹਾਅ ਕਰਕੇ ਅਧਿਕਾਰੀ ਇਹ ਵਿਸ਼ਵਾਸ ਨਹੀਂ ਦਿਵਾਉਂਦੇ ਕਿ ਸਬੰਧਿਤ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਮੋਰਚਾ ਜਾਰੀ ਰਹੇਗਾ | ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਗਸੀਰ ਸਿੰਘ ਜਵਾਹਰਕੇ, ਭੋਲਾ ਸਿੰਘ ਮਾਖਾ, ਭਾਕਿਯੂ (ਡਕੌਂਦਾ) ਦੇ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣੀ ਕੋਈ ਸ਼ੌਕ ਨਹੀਂ ਬਲਕਿ ਸਾਡੀ ਮਜ਼ਬੂਰੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਵਲੋਂ ਪਰਾਲੀ ਪ੍ਰਬੰਧਨ ਲਈ ਬੇਲਰ ਆਦਿ ਮੁਹੱਈਆ ਕਰਵਾਉਣ ਦੀ ਬਜਾਏ ਪਰਚੇ ਦਰਜ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸੈਟੇਲਾਈਟ 'ਤੇ ਕਿਸਾਨਾਂ ਵਲੋਂ ਲਗਾਈ ਅੱਗ ਤਾਂ ਨਜ਼ਰ ਪੈ ਜਾਂਦੀ ਹੈ ਪਰ ਕਿਸੇ ਕਿਸਾਨ ਦੀ ਫ਼ਸਲ ਨੂੰ ਲੱਗੀ ਅੱਗ ਨਹੀਂ ਵਿਖਾਈ ਦਿੰਦੀ | ਕਿਸਾਨਾਂ ਦੇ ਰੋਹ ਸਦਕਾ ਦੇਰ ਸ਼ਾਮ ਕਿਸਾਨ ਨੂੰ ਰਿਹਾਅ ਕਰ ਦਿੱਤਾ ਗਿਆ | ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਨੇ ਵਿਸਵਾਸ਼ ਦਿਵਾਇਆ ਕਿ ਬਿੰਦਰ ਸਿੰਘ ਖ਼ਿਲਾਫ਼ ਨਾ ਕੋਈ ਕਾਰਵਾਈ ਕੀਤੀ ਜਾਵੇਗੀ ਤਾਂ ਜਥੇਬੰਦੀਆਂ ਵਲੋਂ ਘਿਰਾਓ ਖ਼ਤਮ ਕੀਤਾ ਗਿਆ | ਇਸ ਮੌਕੇ ਰਾਜ ਸਿੰਘ ਅਕਲੀਆ, ਰਾਜਪਾਲ ਸਿੰਘ ਅਲੀਸ਼ੇਰ, ਲਾਭਾ ਸਿੰਘ ਖੋਖਰ, ਸਤਿਗੁਰ ਸਿੰਘ, ਵਿਸਾਖਾ ਸਿੰਘ, ਗੁਰਮੀਤ ਸਿੰਘ ਭੁਪਾਲ ਖੁਰਦ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਾਨਸਾ ਜ਼ਿਲ੍ਹੇ 'ਚ ਡੇਂਗੂ ਤੇ ਚਿਕਨਗੁਨੀਆ ਦਾ ਪ੍ਰਕੋਪ ਜਾਰੀ <br/> ਅਗਲੀ ਖ਼ਬਰ ਕਾਰ ਨਾਲ ਟਕਰਾਉਣ ਕਾਰਨ ਦੋ ਮੋਟਰ ਸਾਈਕਲ ਸਵਾਰ ਨੌਜਵਾਨ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।