ਲਹਿਰਾ ਮੁਹੱਬਤ, 25 ਨਵੰਬਰ (ਸੁਖਪਾਲ ਸਿੰਘ ਸੁੱਖੀ)-ਗੁਰੂ ਰਾਮ ਦਾਸ ਪਬਲਿਕ ਸਕੂਲ ਲਹਿਰਾ ਮੁਹੱਬਤ ਵਿਖੇ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ | ਜਿਸ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਐੱਮ.ਡੀ ਡਾ. ਗਜੇਂਦਰ ਸ਼ੇਖਾਵਤ ਸ਼ਾਮਿਲ ਹੋਏ | ਸਕੂਲ ਮੈਨੇਜਮੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਲੋਂ ਦੋ ਰੋਜ਼ਾ ਸਾਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਨਾਲ ਕਰਵਾਈ | ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਵੱਖ ਖੇਡ ਈਵੇਂਟਸ ਵਿਚ ਭਾਗ ਲੈਂਦਿਆਂ ਆਪਣੀ ਖੇਡ ਦੇ ਹੁਨਰ ਦਿਖਾਏ | ਜਿਸ ਵਿਚ ਸਿੰਪਲ ਰੇਸ, ਜੰਪਿੰਗ ਰੇਸ, ਬਾਲ ਪਿਕਿੰਗ, ਮਿਊਜ਼ਿਕਲ ਚੇਅਰ ਖੇਡ, ਬੈਲੇਂਸ ਬੁੱਕ ਰੇਸ, ਕੋਨ ਰੇਸ, ਫਰੋਗ ਰੇਸ, ਚੇਅਰ ਰੇਸ, ਦੌੜ 60, 100, 200, 400 ਮੀਟਰ, ਸ਼ਾਟ ਪੁੱਟ, ਰੱਸਾ ਕੱਸੀ, ਲੰਬੀ ਛਾਲ ਤੇ ਉੱਚੀ ਛਾਲ ਅਤੇ ਕਬੱਡੀ ਆਦਿ ਮੁਕਾਬਲੇ ਕਰਵਾਏ ਗਏ | ਜਿਸ ਵਿਚ ਵੱਖ-ਵੱਖ ਉਮਰ ਵਰਗ ਦੇ ਵਿਦਿਆਰਥੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਡਲ ਤੇ ਸਰਟੀਫਿਕੇਟ ਹਾਸਿਲ ਕੀਤੇ | ਇਸ ਮੌਕੇ ਵਿਦਿਆਰਥੀਆਂ ਵਲੋਂ ਡਾਂਸ ਤੇ ਗਿੱਧੇ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ | ਇਸ ਦੌਰਾਨ ਸੈਸ਼ਨ 2024-25 ਦੇ ਅਕਾਦਮਿਕ ਖੇਤਰ 'ਚ ਪੁਜ਼ੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਸਕੂਲ ਪਿ੍ੰਸੀਪਲ ਮੈਡਮ ਹਰਦੀਪ ਕੌਰ ਨੇ ਕਿਹਾ ਸਕੂਲ ਵਲੋਂ ਕਰਵਾਏ ਜਾਂਦੇ ਸਾਲਾਨਾ ਸਪੋਰਟਸ ਮੀਟ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਮਾਜ ਵਿਚ ਫੈਲੀਆਂ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਦਿਆਂ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਤਾਂ ਜੋ ਵਿਦਿਆਰਥੀ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਅਤੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਤੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੇ ਭਵਿੱਖ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰਨ |