ਬਠਿੰਡਾ, 17 ਜੂਨ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਟਰੈਫ਼ਿਕ ਪੁਲਿਸ ਵਲੋਂ ਹੁਣ ਬੁਲੇਟ ਮੋਟਰਸਾਈਕਲਾਂ ਦੀ ਚੈਕਿੰਗ ਦੇ ਨਾਲ-ਨਾਲ ਸਲੰਸਰ ਉਤਾਰਨ ਦੀ ਕਾਰਵਾਈ ਆਰੰਭੀ ਗਈ ਹੈ | ਪੁਲਿਸ ਨੇ ਸ਼ਹਿਰ ਦੇ ਚੌਂਕ ਚੁਰਾਹਿਆਂ ਉੱਪਰ ਨਾਕੇ ਲਗਾ ਕੇ 10 ਬੁਲੇਟ ਮੋਟਰਸਾਈਕਲਾਂ ਦੇ ਸਲੰਸਰ ਉਤਾਰਦੇ ਹੋਏ ਚਲਾਨ ਕੀਤੇ ਗਏ ਹਨ | ਟਰੈਫ਼ਿਕ ਇੰਚਾਰਜ ਅਨੁਸਾਰ ਜੇਕਰ ਕੋਈ ਸ਼ਰਾਰਤੀ ਅਨਸਰ ਬੁਲੇਟ ਮੋਟਰਸਾਈਕਲ ਉੱਪਰ ਪਟਾਕੇ ਮਾਰਦਾ ਨਜ਼ਰ ਆਇਆ ਤਾਂ ਉਸ ਦਾ ਮੋਟਰਸਾਈਕਲ ਬਾਊਾਡ ਵੀ ਕੀਤਾ ਜਾਵੇਗਾ | ਦੱਸਣਾ ਬਣਦਾ ਹੈ, ਕਿ ਬਠਿੰਡਾ ਵਿਚ ਆਏ ਦਿਨ ਸ਼ਰਾਰਤੀ ਅਨਸਰਾਂ ਵਲੋਂ ਸ਼ਹਿਰ ਦੇ ਗਲੀ ਮੁਹੱਲਿਆਂ ਦੀਆਂ ਸੜਕਾਂ ਉੱਪਰ ਬੁਲੇਟ ਮੋਟਰਸਾਈਕਲਾਂ 'ਤੇ ਪਟਾਕੇ ਮਾਰਦੇ ਨਜ਼ਰ ਆਉਂਦੇ ਸਨ | ਇਨ੍ਹਾਂ ਬੁਲੇਟ ਦੇ ਪਟਾਕਿਆਂ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਵਿਚ ਸਹਿਮ ਦਾ ਮਾਹੋਲ ਬਣਿਆ ਹੋਇਆ ਸੀ, ਪਰ ਹੁਣ ਇਨ੍ਹਾਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਠਿੰਡਾ ਟਰੈਫ਼ਿਕ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਟਰੈਫ਼ਿਕ ਇੰਚਾਰਜ ਸਬ-ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ, ਕਿ ਸ਼ਹਿਰ ਵਿਚ ਕਈ ਸ਼ਰਾਰਤੀ ਕਿਸਮ ਦੇ ਲੋਕਾਂ ਵਲੋਂ ਬੁਲੇਟ ਮੋਟਰਸਾਈਕਲ ਦਾ ਸਲੰਸਰ ਬਦਲ ਕੇ ਉਸ ਨੂੰ ਮੋਡੀਫਾਈ ਕਰਦੇ ਹੋਏ ਬੁਲੇਟ 'ਤੇ ਪਟਾਕੇ ਵਜਾਏ ਜਾ ਰਹੇ ਹਨ | ਉਨ੍ਹਾਂ ਵਲੋਂ 10 ਬੁਲੇਟ ਮੋਟਰਸਾਈਕਲਾਂ ਦੇ ਚਲਾਨ ਕਰਨ ਦੇ ਨਾਲ-ਨਾਲ ਸਲੰਸਰ ਵੀ ਉਤਾਰੇ ਗਏ ਹਨ | ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਮੋਟਰਸਾਈਕਲ ਉੱਪਰ ਮੋਡੀਫਾਈ ਸਲੰਸਰ ਲਗਾਏ ਨਜ਼ਰ ਆਏ ਤਾਂ ਮੋਟਰਸਾਈਕਲ ਨੂੰ ਬਾਊਾਡ ਕਰਨ ਦੀ ਕਾਰਵਾਈ ਕੀਤੀ ਜਾਵੇਗੀ |