ਬਠਿੰਡਾ, 17 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਸ਼ ਦੀਆਂ ਖੱਬੀਆਂ ਪਾਰਟੀਆਂ ਦੇ 'ਫ਼ਲਸਤੀਨ ਨਾਲ ਇਕਜੁੱਟਤਾ ਦਿਵਸ' ਮਨਾਏ ਜਾਣ ਦੇ ਦੇਸ਼ ਵਿਆਪੀ ਸੱਦੇ ਨੂੰ ਲਾਗੂ ਕਰਦਿਆਂ ਅੱਜ ਸਥਾਨਕ ਡਾ. ਭੀਮ ਰਾਓ ਅੰਬੇਦਕਰ ਪਾਰਕ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਅਤੇ ਸੀ ਪੀ ਆਈ (ਐਮਐਲ) ਲਿਬਰੇਸ਼ਨ ਦੇ ਕਾਰਕੁੰਨਾਂ ਨੇ ਹੱਥਾਂ 'ਚ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਫੜ੍ਹਕੇ ਅਮਨ ਕਾਇਮੀ ਲਈ ਭਰਵਾਂ ਮੁਜ਼ਾਹਰਾ ਕੀਤਾ | ਇਸ ਮੌਕੇ ਖੱਬੇ ਪੱਖੀ ਆਗੂਆਂ ਪ੍ਰਕਾਸ਼ ਸਿੰਘ ਨੰਦਗੜ੍ਹ, ਹਰਜੀਤ ਸਿੰਘ ਬਰਾੜ, ਗੁਰਮੀਤ ਸਿੰਘ ਜੈ ਸਿੰਘ ਵਾਲਾ, ਬਾਵਾ ਸਿੰਘ ਦਿਓਣ ਨੇ ਵਿਚਾਰ ਰੱਖਦਿਆਂ ਮੰਗ ਕੀਤੀ ਕਿ ਇਜ਼ਰਾਇਲ ਵਲੋਂ ਅਮਰੀਕਨ ਸਾਮਰਾਜ ਅਤੇ ਪੱਛਮ ਦੇ ਅਮੀਰ ਦੇਸ਼ਾਂ ਦੀ ਸ਼ਹਿ 'ਤੇ ਫ਼ਲਸਤੀਨੀਆਂ ਦੇ ਨਸਲਘਾਤ ਅਤੇ ਆਪਣੀ ਮਾਤ ਭੂਮੀ ਤੋਂ ਉਨ੍ਹਾਂ ਦੇ ਮੁਕੰਮਲ ਉਜਾੜੇ ਲਈ ਛੇੜੀ ਨਿਹੱਕੀ ਤੇ ਅਸਾਵੀਂ ਜੰਗ ਤੁਰੰਤ ਬੰਦ ਕੀਤੀ ਜਾਵੇ | ਬੁਲਾਰਿਆਂ ਨੇ ਕਿਹਾ ਕਿ ਲੱਖਾਂ ਨਿਰਦੋਸ਼ ਫਲਤੀਨੀਆਂ, ਜਿਨ੍ਹਾਂ 'ਚ ਬਹੁ ਗਿਣਤੀ ਔਰਤਾਂ ਤੇ ਅਣਭੋਲ ਬੱਚੇ ਹਨ, ਦੇ ਕਾਤਲ ਨੇਤਨਯਾਹੂ ਤੇ ਇਸਦੇ ਜੁੰਡੀਦਾਰਾਂ ਨੂੰ ਫ਼ਾਂਸੀ ਦਿੱਤੀ ਜਾਵੇ | ਉਨ੍ਹਾਂ ਵਿਸ਼ਵ ਨਾਗਰਿਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸੰਸਾਰ ਦੇ ਅਮਨ ਪਸੰਦ ਲੋਕੀਂ ਫਲਸਤੀਨੀਆਂ ਦੇ ਬਚਾਅ ਲਈ ਨਾ ਨਿੱਤਰੇ ਤਾਂ ਪੂਰੇ ਏਸ਼ੀਆਈ ਖਿੱਤੇ ਨੂੰ ਤੇਜ਼ੀ ਨਾਲ ਆਪਣੀ ਲਪੇਟ 'ਚ ਲੈ ਰਹੀ ਇਹ ਜੰਗ ਛੇਤੀ ਹੀ ਵਿਸ਼ਵ ਯੁੱਧ ਵਿਚ ਤਬਦੀਲ ਹੋ ਜਾਵੇਗੀ | ਉਨ੍ਹਾਂ ਵਿਸ਼ਵ ਸਮੁਦਾਇ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਜੰਗਬਾਜ਼ ਜੁੰਡਲੀ ਵਲੋਂ ਗ਼ਾਜ਼ਾ ਤੇ ਪੱਛਮੀ ਕਿਨਾਰੇ ਦੇ ਲੱਖਾਂ ਲੋਕਾਂ ਨੂੰ ਭੁੱਖੇ ਮਾਰਨ ਲਈ ਰਾਹਤ ਕਾਰਜਾਂ 'ਚ ਪਾਏ ਜਾ ਰਹੇ ਅੜਿੱਕਿਆਂ ਖਿਲਾਫ਼ ਗਰਜ਼ਵੀਂ ਆਵਾਜ਼ ਬੁਲੰਦ ਕੀਤੀ ਜਾਵੇ | ਬੁਲਾਰਿਆਂ ਨੇ ਇਜ਼ਰਾਇਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਬਾਰੇ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ | ਆਗੂਆਂ ਨੇ ਕਿਹਾ ਕਿ ਯੂ.ਐਨ.ਓ ਦੀ ਐਸੰਬਲੀ 'ਚ ਜੰਗਬੰਦੀ ਦੇ ਮਤੇ 'ਤੇ ਵੋਟਾਂ ਪੈਣ ਵੇਲੇ ਗੈਰ ਹਾਜ਼ਰ ਰਹਿਕੇ ਭਾਰਤ ਸਰਕਾਰ ਨੇ ਇਜ਼ਰਾਇਲ-ਅਮਰੀਕਾ ਜੰਗਬਾਜ਼ ਜੁੰਡਲੀ ਦਾ ਹੀ ਪੱਖ ਪੂਰਿਆ ਹੈ |