ਰਾਮਪੁਰਾ ਫੂਲ, 20 ਜੂਨ (ਹੇਮੰਤ ਕੁਮਾਰ ਸ਼ਰਮਾ): ਰਾਮਪੁਰਾ ਫੂਲ ਜੋ ਕਿ ਖ਼ੂਨਦਾਨੀਆਂ ਦਾ ਸ਼ਹਿਰ ਹੈ, ਇਹ ਸ਼ਹਿਰ ਖ਼ੂਨਦਾਨੀਆਂ ਦੀ ਨਗਰੀ ਨਾਲ ਮਸ਼ਹੂਰ ਹੈ | ਇੱਥੋਂ ਦੀ 12 ਪ੍ਰਤੀਸ਼ਤ ਆਬਾਦੀ ਖ਼ੂਨਦਾਨੀ ਹੈ, ਜੋ ਕਿ ਏਸ਼ੀਆ ਦੇ ਵਿਚ ਪਹਿਲੇ ਨੰਬਰ 'ਤੇ ਹੈ | ਅੱਜ ਜ਼ਿਲ੍ਹਾ ਬਠਿੰਡਾ ਦੇ 100 ਵਾਰ ਤੋਂ ਵੱਧ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਨੂੰ ਜ਼ਿਲ੍ਹਾ ਪੱਧਰ 'ਤੇ ਕਰਵਾਏ ਸਮਾਗਮ ਦੌਰਾਨ ਭਾਰਤੀਆਂ ਰੈੱਡ ਕਰਾਸ ਸੁਸਾਇਟੀ ਜ਼ਿਲ੍ਹਾ ਬਠਿੰਡਾ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਮੌਕੇ ਮੁੱਖ ਮਹਿਮਾਨ ਸ਼ੌਕਤ ਅਹਿਮਦ ਪਰੇ ਡਿਪਟੀ ਕਮਿਸ਼ਨਰ ਬਠਿੰਡਾ ਨੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਭੇਟ ਕੀਤੇ | ਇਸ ਮੌਕੇ ਰਾਮਪੁਰਾ ਫੂਲ ਦੇ 9 ਖ਼ੂਨਦਾਨੀਆਂ 'ਚ ਪਵਨ ਮਹਿਤਾ, ਸੁਰਿੰਦਰ ਗਰਗ, ਰਾਜ ਕੁਮਾਰ ਜੋਸ਼ੀ, ਸੁੰਦਰ ਲਾਲ, ਗਿਆਨ ਤਨਵਰ, ਕਮਲੇਸ਼ ਕੁਮਾਰ, ਸੋਹਣ ਲਾਲ ਤੋਂ ਇਲਾਵਾ ਪੰਜਾਬ ਵਿਚ ਸਭ ਤੋਂ ਵੱਧ ਵਾਰ ਖ਼ੂਨਦਾਨ ਕਰਨ ਵਾਲੀ ਮਹਿਲਾ ਸਰੋਜ ਰਾਣੀ ਅਤੇ ਸ਼ੀਲਾ ਦੇਵੀ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਏ.ਡੀ.ਸੀ ਬਠਿੰਡਾ ਮੈਡਮ ਪੂਨਮ, ਪੀ.ਸੀ.ਐੱਸ ਨਰਿੰਦਰ ਧਾਲੀਵਾਲ, ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ, ਡੀ.ਐੱਸ.ਪੀ ਬਠਿੰਡਾ ਹਰਜੀਤ ਸਿੰਘ ਮੌਜੂਦ ਸਨ | ਇਸ ਮੌਕੇ ਸਾਰੇ ਹਾਜ਼ਰੀਨਾਂ ਵਲੋਂ ਸਨਮਾਨਿਤ ਖ਼ੂਨਦਾਨੀਆਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਕਾਰਜ ਨੂੰ ਹੋਰ ਪ੍ਰਫੁਲਿਤ ਕਰਨ ਲਈ ਬੇਨਤੀ ਕੀਤੀ ਗਈ |