ਰਾਮਪੁਰਾ ਫੂਲ, 20 ਜੂਨ (ਹੇਮੰਤ ਕੁਮਾਰ ਸ਼ਰਮਾ): ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਊਸ਼ਾ ਗੋਇਲ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸੁਕਰੀਤੀ ਸ਼ਰਮਾ, ਸੀਨੀਅਰ ਮੈਡੀਕਲ ਅਫ਼ਸਰ ਰਾਮਪੁਰਾ ਫੂਲ ਡਾਕਟਰ ਗੁਨਿੰਦਰਰੀਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾਕਟਰ ਸੀਮਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਰਾਮਪੁਰਾ ਫੂਲ ਵਿਖੇ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ | ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਟੀਮਾਂ ਬਣਾ ਕੇ ਘਰਾਂ ਦੀ ਵਿਜ਼ਿਟ ਕਰਕੇ ਮੱਛਰਾਂ ਦੀ ਪੈਦਾਇਸ਼ ਵਾਲੀਆਂ ਥਾਵਾਂ ਦੀ ਸ਼ਨਾਖਤ ਕਰਕੇ ਮੱਛਰਾਂ ਦੇ ਪਨਪਣ ਦੇ ਆਸਾਰ ਵਾਲੀਆਂ ਥਾਵਾਂ ਦੀ ਮੌਕੇ 'ਤੇ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਨੂੰ ਮੱਛਰਾਂ ਦੇ ਕੱਟਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ | ਇਸ ਤੋਂ ਇਲਾਵਾ ਡੇਂਗੂ ਵਿਰੋਧੀ ਜਾਣਕਾਰੀ ਵਾਲੇ ਪੋਸਟਰ ਵੀ ਲਗਾਏ ਗਏ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਜ਼ ਜਸਵਿੰਦਰ ਸਿੰਘ ਅਤੇ ਨਰਪਿੰਦਰ ਸਿੰਘ ਮੌਜੂਦ ਸਨ |